ਅੰਮ੍ਰਿਤਸਰ :- ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਵਿੱਚ ਬੁੱਧਵਾਰ ਸਵੇਰੇ ਪੁਲਿਸ ਅਤੇ ਗੈਂਗਸਟਰਾਂ ਵਿੱਚ ਝੜਪ ਦੌਰਾਨ ਗੋਲੀ ਚਲ ਗਈ। ਇਸ ਘਟਨਾ ਵਿੱਚ ਰਵਿ ਨਾਂ ਦਾ ਇੱਕ ਬਦਮਾਸ਼ ਜ਼ਖ਼ਮੀ ਹੋ ਗਿਆ, ਜਿਸਦੇ ਪੈਰ ਵਿੱਚ ਗੋਲੀ ਲੱਗੀ। ਪੁਲਿਸ ਨੇ ਤੁਰੰਤ ਉਸਨੂੰ ਹਸਪਤਾਲ ‘ਚ ਦਾਖ਼ਲ ਕਰਵਾ ਦਿੱਤਾ।
ਸਲਤਾਨਵਿੰਡ ਫਾਇਰਿੰਗ ਮਾਮਲੇ ਨਾਲ ਜੁੜੀ ਗ੍ਰਿਫ਼ਤਾਰੀ
ਕਮਿਸ਼ਨਰ ਆਫ਼ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤਰਣਤਾਰਨ ਦੇ ਨਾਨਕਸਰ ਮੁਹੱਲੇ ਦੇ ਰਹਿਣ ਵਾਲੇ ਰਵਿ ਅਤੇ ਜੋਬਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਦੋਵੇਂ ਕੁਝ ਦਿਨ ਪਹਿਲਾਂ ਸਲਤਾਨਵਿੰਡ ਇਲਾਕੇ ਵਿੱਚ ਇੱਕ ਕਾਰੋਬਾਰੀ ਦੇ ਘਰ ‘ਤੇ ਫਾਇਰਿੰਗ ਦੀ ਘਟਨਾ ਵਿੱਚ ਸ਼ਾਮਲ ਸਨ। ਡਰ ਦੇ ਕਾਰਨ ਪੀੜਿਤ ਵਲੋਂ ਸ਼ਿਕਾਇਤ ਨਹੀਂ ਕੀਤੀ ਗਈ ਸੀ, ਪਰ ਪੜੋਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ।
ਪਿਸਤੌਲ ਬਰਾਮਦ ਕਰਨ ਗਏ ਸੀ ਪੁਲਿਸ ਨਾਲ
ਪੁੱਛਗਿੱਛ ਦੌਰਾਨ ਰਵਿ ਨੇ ਦੱਸਿਆ ਕਿ ਉਸਨੇ ਵਾਰਦਾਤ ਵਿੱਚ ਵਰਤੀ ਗਈ ਤੀਹ ਬੋਰ ਦੀ ਪਿਸਤੌਲ ਮਕਬੂਲਪੁਰਾ ਦੇ ਸੁੰਨਸਾਨ ਇਲਾਕੇ ਵਿੱਚ ਛੁਪਾਈ ਸੀ। ਬੁੱਧਵਾਰ ਸਵੇਰੇ ਪੁਲਿਸ ਉਸਨੂੰ ਹਿਰਾਸਤ ਵਿੱਚ ਲੈ ਕੇ ਥਾਂ ‘ਤੇ ਗਈ। ਜਿਵੇਂ ਹੀ ਪਿਸਤੌਲ ਰਵਿ ਦੇ ਹੱਥ ‘ਚ ਆਈ, ਉਸਨੇ ਪੁਲਿਸ ‘ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਪੁਲਿਸ ਨੇ ਤੁਰੰਤ ਉਸਨੂੰ ਕਾਬੂ ਕਰ ਲਿਆ ਅਤੇ ਹੱਥਾਪਾਈ ਦੌਰਾਨ ਗੋਲੀ ਚਲ ਗਈ ਜਿਸ ਨਾਲ ਰਵਿ ਜ਼ਖ਼ਮੀ ਹੋ ਗਿਆ।
ਤੀਸਰਾ ਸਾਥੀ ਫਰਾਰ
ਸੀਪੀ ਨੇ ਦੱਸਿਆ ਕਿ ਰਵਿ ਅਤੇ ਜੋਬਨ ਦਾ ਇੱਕ ਹੋਰ ਸਾਥੀ ਵੀ ਇਸ ਘਟਨਾ ਵਿੱਚ ਸ਼ਾਮਲ ਹੈ, ਜਿਸਦੀ ਪੁਲਿਸ ਤਲਾਸ਼ ਕਰ ਰਹੀ ਹੈ। ਘਟਨਾ ਤੋਂ ਬਾਅਦ ਦੋਵੇਂ ਨੇ ਜਹਾਜ਼ਗੜ੍ਹ ਇਲਾਕੇ ਵਿੱਚ ਕੱਪੜੇ ਬਦਲੇ ਅਤੇ ਫਿਰ ਬਾਈਕ ‘ਤੇ ਤਰਣਤਾਰਨ ਫਰਾਰ ਹੋ ਗਏ ਸਨ।
ਗੈਂਗਸਟਰ ਪ੍ਰਭ ਦਾਸੂਵਾਲ ਨਾਲ ਕਨੈਕਸ਼ਨ
ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਰਵਿ (25), ਜੋ ਸਿਰਫ ਪੰਜਵੀਂ ਕਲਾਸ ਤੱਕ ਪੜ੍ਹਿਆ ਹੈ ਅਤੇ ਵੈਲਡਿੰਗ ਦਾ ਕੰਮ ਕਰਦਾ ਹੈ, ਅਤੇ ਜੋਬਨ (24), ਜੋ ਬਾਰ੍ਹਵੀਂ ਪੜ੍ਹਿਆ ਹੈ ਤੇ ਮੀਟ ਦੀ ਦੁਕਾਨ ‘ਤੇ ਕੰਮ ਕਰਦਾ ਹੈ, ਦੋਵੇਂ ਹੀ ਵਿਦੇਸ਼ ਵਿਚ ਬੈਠੇ ਕੱਖਿਆਤ ਗੈਂਗਸਟਰ ਪ੍ਰਭ ਦਾਸੂਵਾਲ ਦੇ ਇਸ਼ਾਰਿਆਂ ‘ਤੇ ਫਾਇਰਿੰਗ ਕਰਕੇ ਰੰਗਦਾਰੀ ਵਸੂਲ ਰਹੇ ਸਨ।