ਚੰਡੀਗੜ੍ਹ :- ਪੰਜਾਬ ਸਟੇਟ ਮਿਡ-ਡੇਅ ਮੀਲ ਸੋਸਾਇਟੀ ਵੱਲੋਂ ਸਕੂਲਾਂ ਵਿੱਚ ਦਿੱਤੇ ਜਾਣ ਵਾਲੇ ਭੋਜਨ ਲਈ ਨਵਾਂ ਹਫਤਾਵਾਰੀ ਮੀਨੂ ਜਾਰੀ ਕੀਤਾ ਗਿਆ ਹੈ। ਇਹ ਪ੍ਰਬੰਧ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਅਧੀਨ ਕੀਤਾ ਗਿਆ ਹੈ, ਜੋ 1 ਤੋਂ 30 ਅਪ੍ਰੈਲ ਤੱਕ ਲਾਗੂ ਰਹੇਗਾ।
ਵਿਦਿਆਰਥੀਆਂ ਨੂੰ ਨਿਯਮਾਂ ਅਨੁਸਾਰ ਭੋਜਨ ਦੇਣ ਦੇ ਹੁਕਮ
ਸੋਸਾਇਟੀ ਵੱਲੋਂ ਜਾਰੀ ਹਦਾਇਤਾਂ ਵਿੱਚ ਕਿਹਾ ਗਿਆ ਹੈ ਕਿ ਸਕੂਲਾਂ ਵਿੱਚ ਬੱਚਿਆਂ ਨੂੰ ਨਿਯਮਤ ਤਰੀਕੇ ਨਾਲ ਕਤਾਰਾਂ ਵਿੱਚ ਬਿਠਾ ਕੇ ਮਿਡ-ਡੇਅ ਮੀਲ ਇੰਚਾਰਜ ਦੀ ਦੇਖਰੇਖ ਹੇਠ ਖਾਣਾ ਦਿੱਤਾ ਜਾਵੇ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਨਿਰਧਾਰਿਤ ਮੀਨੂ ਦੀ ਪਾਲਣਾ ਲਾਜ਼ਮੀ ਹੈ।
ਨਿਯਮਾਂ ਦੀ ਉਲੰਘਣਾ ‘ਤੇ ਸਕੂਲ ਮੁਖੀ ਹੋਵੇਗਾ ਜ਼ਿੰਮੇਵਾਰ
ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਵੀ ਸਕੂਲ ਵਿੱਚ ਮੀਨੂ ਜਾਂ ਨਿਰਦੇਸ਼ਾਂ ਦੀ ਅਣਦੇਖੀ ਕੀਤੀ ਜਾਂਦੀ ਹੈ ਤਾਂ ਉਸਦੀ ਪੂਰੀ ਜ਼ਿੰਮੇਵਾਰੀ ਸੰਬੰਧਤ ਸਕੂਲ ਦੇ ਮੁਖੀ ‘ਤੇ ਹੋਵੇਗੀ ਅਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ।
ਹਫਤਾਵਾਰੀ ਮੀਨੂ ਦੀ ਵੇਰਵਾ
ਨਵੇਂ ਤੈਅ ਕੀਤੇ ਮੀਨੂ ਅਨੁਸਾਰ ਸੋਮਵਾਰ ਨੂੰ ਦਾਲ ਅਤੇ ਰੋਟੀ, ਮੰਗਲਵਾਰ ਨੂੰ ਰਾਜਮਾ-ਚੌਲ ਦੇ ਨਾਲ ਖੀਰ ਦਿੱਤੀ ਜਾਵੇਗੀ। ਬੁੱਧਵਾਰ ਨੂੰ ਛੋਲੇ ਆਲੂਆਂ ਸਮੇਤ ਪੂੜੀ ਜਾਂ ਰੋਟੀ, ਵੀਰਵਾਰ ਨੂੰ ਕੜ੍ਹੀ-ਚੌਲ, ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀਆਂ ਰੋਟੀਆਂ ਨਾਲ ਅਤੇ ਨਾਲ ਹੀ ਫਲ ਦਿੱਤੇ ਜਾਣਗੇ। ਸ਼ਨੀਵਾਰ ਨੂੰ ਸਾਬਤ ਮੂੰਗੀ ਦੀ ਦਾਲ ਚੌਲਾਂ ਨਾਲ ਪਰੋਸੀ ਜਾਵੇਗੀ।
ਪੋਸ਼ਣ ਅਤੇ ਅਨੁਸ਼ਾਸਨ ‘ਤੇ ਖਾਸ ਧਿਆਨ
ਇਸ ਨਵੇਂ ਮੀਨੂ ਦਾ ਉਦੇਸ਼ ਵਿਦਿਆਰਥੀਆਂ ਨੂੰ ਸੰਤੁਲਿਤ ਅਤੇ ਪੋਸ਼ਟਿਕ ਆਹਾਰ ਮੁਹੱਈਆ ਕਰਵਾਉਣਾ ਹੈ, ਨਾਲ ਹੀ ਸਕੂਲਾਂ ਵਿੱਚ ਖਾਣ-ਪੀਣ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਅਤੇ ਅਨੁਸ਼ਾਸਿਤ ਬਣਾਉਣਾ ਵੀ ਹੈ।

