ਚੰਡੀਗੜ੍ਹ :- ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਲ 2026-27 ਲਈ ਆਬਕਾਰੀ ਨੀਤੀ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਵਿੱਚ ਸ਼ਰਾਬ ਦੇ ਠੇਕਿਆਂ, ਬਾਰ ਲਾਇਸੈਂਸਾਂ ਅਤੇ ਹੋਟਲ-ਰੈਸਟੋਰੈਂਟਾਂ ਵਿੱਚ ਸ਼ਰਾਬ ਪਰੋਸਣ ਨਾਲ ਸੰਬੰਧਿਤ ਕਈ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਨੀਤੀ ਅਧੀਨ ਵਿਕਰੀ ਪ੍ਰਣਾਲੀ, ਸਮਾਂ-ਸਾਰਣੀ ਅਤੇ ਸੁਰੱਖਿਆ ਮਾਪਦੰਡਾਂ ਵਿੱਚ ਵੀ ਬਦਲਾਅ ਕੀਤੇ ਗਏ ਹਨ।
ਪੈਟਰੋਲ ਪੰਪਾਂ ਤੇ ਸਟੋਰਾਂ ‘ਚ ਵੀ ਵਿਕਰੀ ਦੀ ਆਗਿਆ
ਨਵੇਂ ਫੈਸਲੇ ਅਨੁਸਾਰ ਹੁਣ ਚੰਡੀਗੜ੍ਹ ਦੇ ਪੈਟਰੋਲ ਪੰਪਾਂ ਅਤੇ ਵੱਡੇ ਡਿਪਾਰਟਮੈਂਟਲ ਸਟੋਰਾਂ ‘ਤੇ ਵੀ ਸ਼ਰਾਬ ਵੇਚੀ ਜਾ ਸਕੇਗੀ। ਇਸ ਲਈ ਸ਼ਰਤ ਰੱਖੀ ਗਈ ਹੈ ਕਿ ਸੰਬੰਧਿਤ ਵਪਾਰ ਦਾ ਸਾਲਾਨਾ ਜੀਐਸਟੀ ਰਿਟਰਨ ਘੱਟੋ-ਘੱਟ 3 ਕਰੋੜ ਰੁਪਏ ਹੋਵੇ। ਇਸ ਤੋਂ ਇਲਾਵਾ ਵਿਕਰੀ ਦਾ ਸਮਾਂ ਰਾਤ 12 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ, ਤਾਂ ਜੋ ਸੁੰਨਸਾਨ ਥਾਵਾਂ ‘ਤੇ ਦੁਕਾਨਾਂ ਦੇ ਖੁੱਲ੍ਹਣ ਨੂੰ ਰੋਕਿਆ ਜਾ ਸਕੇ।
ਪਲਸੋਰਾ ਦੀ ਦੁਕਾਨ ਸਭ ਤੋਂ ਮਹਿੰਗੀ
ਆਬਕਾਰੀ ਵਿਭਾਗ ਵੱਲੋਂ ਤੈਅ ਕੀਤੀਆਂ ਰਿਜ਼ਰਵ ਕੀਮਤਾਂ ਵਿੱਚ ਪਿੰਡ ਪਲਸੋਰਾ ਦੀ ਸ਼ਰਾਬ ਦੀ ਦੁਕਾਨ ਸਭ ਤੋਂ ਮਹਿੰਗੀ ਰੱਖੀ ਗਈ ਹੈ, ਜਿਸਦੀ ਕੀਮਤ 11 ਕਰੋੜ ਤੋਂ ਵੱਧ ਨਿਰਧਾਰਤ ਕੀਤੀ ਗਈ ਹੈ। ਇਸਦੇ ਉਲਟ ਸੈਕਟਰ-41 ਦੀ ਮਾਰਕੀਟ ਵਿੱਚ ਇੱਕ ਦੁਕਾਨ ਸਭ ਤੋਂ ਘੱਟ ਕੀਮਤ ਵਾਲੀ ਦਰਜ ਕੀਤੀ ਗਈ ਹੈ।
ਲਾਇਸੈਂਸ ਪ੍ਰਕਿਰਿਆ ਵਿੱਚ ਨਵੇਂ ਪ੍ਰਬੰਧ
ਨਵੀਂ ਨੀਤੀ ਅਧੀਨ ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਵੱਖ-ਵੱਖ ਕੈਟਾਗਰੀਆਂ ਹੇਠ ਬਾਰ ਲਾਇਸੈਂਸ ਲਈ ਅਰਜ਼ੀ ਦੇਣ ਦੀ ਆਗਿਆ ਮਿਲੇਗੀ। ਲਾਇਸੈਂਸ ਜਾਰੀ ਕਰਨ ਲਈ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਸੰਬੰਧਿਤ ਇਕਾਈ ਪਹਿਲਾਂ ਆਪਣਾ ਕਾਰੋਬਾਰ ਸ਼ੁਰੂ ਕਰ ਚੁੱਕੀ ਹੋਵੇ। ਇਸਦੇ ਨਾਲ ਹੀ ਮਾਈਕ੍ਰੋ-ਬਰੂਅਰੀ ਲਈ ਵੀ ਵੱਖਰੀ ਪ੍ਰਕਿਰਿਆ ਨਿਰਧਾਰਤ ਕੀਤੀ ਗਈ ਹੈ।
ਸੁਰੱਖਿਆ ਲਈ ਅਲਕੋਹਲ ਮੀਟਰ ਲਾਜ਼ਮੀ
ਨਸ਼ੇ ਵਿੱਚ ਗੱਡੀ ਚਲਾਉਣ ਦੀਆਂ ਘਟਨਾਵਾਂ ਨੂੰ ਘਟਾਉਣ ਲਈ ਨਵੀਂ ਨੀਤੀ ਵਿੱਚ ਕੜੇ ਕਦਮ ਚੁੱਕੇ ਗਏ ਹਨ। ਹੁਣ ਹਰ ਹੋਟਲ, ਬਾਰ ਅਤੇ ਰੈਸਟੋਰੈਂਟ ਵਿੱਚ ਅਲਕੋਹਲ ਮੀਟਰ ਦੀ ਸਹੂਲਤ ਲਾਜ਼ਮੀ ਹੋਵੇਗੀ, ਤਾਂ ਜੋ ਗਾਹਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

