ਹਿਮਾਚਲ ਪ੍ਰਦੇਸ਼ :- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ 4:39 ਵਜੇ 4.0 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਇਸਦੇ ਨਾਲ ਹੀ ਪਾਕਿਸਤਾਨ ਵਿੱਚ ਵੀ 3.7 ਤੀਬਰਤਾ ਦੇ ਝਟਕੇ ਮਹਿਸੂਸ ਹੋਏ। ਹਾਲਾਂਕਿ, ਦੋਹੀਂ ਥਾਵਾਂ ਤੋਂ ਹੁਣ ਤੱਕ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਰਿਪੋਰਟ ਸਾਹਮਣੇ ਨਹੀਂ ਆਈ।
ਕੁਝ ਘੰਟਿਆਂ ਵਿੱਚ ਦੋ ਵਾਰ ਹਿੱਲੀ ਧਰਤੀ
ਚੰਬਾ ਵਿੱਚ ਹੀ ਸਵੇਰੇ 3:27 ਵਜੇ ਇੱਕ ਹੋਰ ਭੂਚਾਲ ਆਇਆ, ਜਿਸਦਾ ਕੇਂਦਰ ਧਰਤੀ ਤੋਂ 20 ਕਿਲੋਮੀਟਰ ਦੀ ਗਹਿਰਾਈ ਵਿੱਚ ਸੀ। ਇਹ ਝਟਕੇ ਉਸ ਸਮੇਂ ਮਹਿਸੂਸ ਕੀਤੇ ਗਏ ਜਦੋਂ ਹਿਮਾਚਲ ਦੇ ਵੱਖ-ਵੱਖ ਇਲਾਕਿਆਂ ਵਿੱਚ ਬਾਰ-ਬਾਰ ਬੱਦਲ ਫਟਣ ਦੀਆਂ ਘਟਨਾਵਾਂ ਨਾਲ ਪਹਿਲਾਂ ਹੀ ਪ੍ਰਸ਼ਾਸਨ ਚਿੰਤਿਤ ਹੈ। ਇਸ ਤੋਂ ਪਹਿਲਾਂ ਸੋਮਵਾਰ ਰਾਤ 9:28 ਵਜੇ ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ ਨੇੜੇ ਵੀ 3.9 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸਦਾ ਕੇਂਦਰ ਧਰਮਸ਼ਾਲਾ ਤੋਂ 23 ਕਿਲੋਮੀਟਰ ਦੂਰ ਤੇ 10 ਕਿਲੋਮੀਟਰ ਗਹਿਰਾਈ ਵਿੱਚ ਦਰਜ ਕੀਤਾ ਗਿਆ।
ਭੂਚਾਲੀ ਜੋਨ-5 ਵਿੱਚ ਕਾਂਗੜਾ, ਲੋਕਾਂ ਵਿੱਚ ਦਹਿਸ਼ਤ
ਮੌਸਮ ਵਿਭਾਗ ਅਨੁਸਾਰ ਕਾਂਗੜਾ ਜ਼ਿਲ੍ਹਾ ਭੂਚਾਲੀ ਜੋਨ-5 ਵਿੱਚ ਆਉਂਦਾ ਹੈ, ਜਿਸਨੂੰ ਸਭ ਤੋਂ ਵੱਧ ਖ਼ਤਰੇ ਵਾਲਾ ਇਲਾਕਾ ਮੰਨਿਆ ਜਾਂਦਾ ਹੈ। ਇਸ ਕਰਕੇ ਹਲਕੇ ਭੂਚਾਲ ਵੀ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦੇਂਦੇ ਹਨ। ਹਾਲਾਂਕਿ, ਪ੍ਰਸ਼ਾਸਨ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਹਾਲੀਆ ਭੂਚਾਲਾਂ ਕਾਰਨ ਨਾ ਕੋਈ ਜਾਨੀ ਨੁਕਸਾਨ ਹੋਇਆ ਹੈ ਅਤੇ ਨਾ ਹੀ ਕਿਸੇ ਵੱਡੀ ਆਪਦਾ ਦੀ ਸੂਚਨਾ ਮਿਲੀ ਹੈ।
ਸੰਵੇਦਨਸ਼ੀਲ ਹੈ ਹਿਮਾਚਲ ਅਤੇ ਨਜ਼ਦੀਕੀ ਇਲਾਕੇ
ਵਿਸ਼ੇਸ਼ਗਿਆਨ ਮੰਨਦੇ ਹਨ ਕਿ ਹਿਮਾਚਲ ਪ੍ਰਦੇਸ਼ ਅਤੇ ਇਸਦੇ ਆਲੇ-ਦੁਆਲੇ ਦੇ ਇਲਾਕੇ ਭੂਚਾਲ ਦੇ ਮਾਮਲੇ ਵਿੱਚ ਕਾਫ਼ੀ ਸੰਵੇਦਨਸ਼ੀਲ ਹਨ। ਪਿਛਲੇ ਕੁਝ ਮਹੀਨਿਆਂ ਵਿੱਚ ਵੀ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹਲਕੇ ਭੂਚਾਲ ਦਰਜ ਕੀਤੇ ਗਏ ਹਨ। ਚੰਬਾ ਅਤੇ ਕਾਂਗੜਾ ਵਿੱਚ ਆਏ ਝਟਕਿਆਂ ਦੌਰਾਨ ਲੋਕ ਘਰਾਂ ਤੋਂ ਬਾਹਰ ਨਿਕਲ ਆਏ, ਹਾਲਾਂਕਿ ਕੁਝ ਸਮੇਂ ਬਾਅਦ ਸਥਿਤੀ ਸਧਾਰਨ ਹੋ ਗਈ ਅਤੇ ਪ੍ਰਸ਼ਾਸਨ ਨੇ ਵੀ ਰਾਹਤ ਦੀ ਗੱਲ ਕਹੀ।