ਕੋਲੰਬੀਆ :- ਕੋਲੰਬੀਆ ਵਿੱਚ ਇੱਕ ਵੱਡਾ ਹਵਾਈ ਹਾਦਸਾ ਵਾਪਰਣ ਦੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਫੌਜ ਦਾ C-130 ਹਰਕੂਲਸ ਜਹਾਜ਼ ਪੇਰੂ ਦੀ ਸਰਹੱਦ ਦੇ ਨੇੜੇ ਐਮਾਜ਼ਾਨ ਦੇ ਘਣੇ ਜੰਗਲਾਂ ਵਿੱਚ ਡਿੱਗ ਗਿਆ। ਹਾਦਸੇ ਤੋਂ ਬਾਅਦ ਇਲਾਕੇ ‘ਚ ਉੱਠਦੇ ਕਾਲੇ ਧੂੰਏਂ ਦੇ ਗੁਬਾਰਾਂ ਨੇ ਇਸ ਦੀ ਗੰਭੀਰਤਾ ਨੂੰ ਦਰਸਾਇਆ।
ਉਡਾਣ ਮਗਰੋਂ ਕੁਝ ਸਮੇਂ ‘ਚ ਹੀ ਟੁੱਟਿਆ ਸੰਪਰਕ
ਜਾਣਕਾਰੀ ਮੁਤਾਬਕ ਜਹਾਜ਼ ਨੇ ਪੋਰਟੋ ਲੇਗੁਇਜ਼ਾਮੋ ਤੋਂ ਉਡਾਣ ਭਰੀ ਸੀ ਅਤੇ ਇਸ ਵਿੱਚ ਲਗਭਗ 110 ਸੈਨਿਕ ਸਵਾਰ ਸਨ। ਉਡਾਣ ਤੋਂ ਬਾਅਦ ਕੁਝ ਸਮੇਂ ਵਿੱਚ ਹੀ ਜਹਾਜ਼ ਨਾਲ ਸੰਪਰਕ ਟੁੱਟਣ ਦੀ ਖ਼ਬਰ ਮਿਲੀ, ਜਿਸ ਤੋਂ ਬਾਅਦ ਖੋਜ ਅਤੇ ਬਚਾਅ ਕਾਰਵਾਈਆਂ ਤੁਰੰਤ ਸ਼ੁਰੂ ਕਰ ਦਿੱਤੀਆਂ ਗਈਆਂ।
ਰਾਹਤ ਟੀਮਾਂ ਮੌਕੇ ‘ਤੇ, ਹਾਲਾਤ ਸਪਸ਼ਟ ਨਹੀਂ
ਕੋਲੰਬੀਆ ਦੇ ਰੱਖਿਆ ਮੰਤਰੀ ਪੇਡਰੋ ਸਾਂਚੇਜ਼ ਨੇ ਦੱਸਿਆ ਕਿ ਫੌਜੀ ਅਤੇ ਰਾਹਤ ਟੀਮਾਂ ਨੂੰ ਤੁਰੰਤ ਮੌਕੇ ‘ਤੇ ਭੇਜਿਆ ਗਿਆ ਹੈ। ਹਾਲਾਂਕਿ, ਇਸ ਵੇਲੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਅਧਿਕਾਰੀਆਂ ਵੱਲੋਂ ਪੂਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਰਾਸ਼ਟਰਪਤੀ ਨੇ ਜ਼ਾਹਿਰ ਕੀਤੀ ਨਾਰਾਜ਼ਗੀ
ਹਾਦਸੇ ਤੋਂ ਬਾਅਦ ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਨੇ ਫੌਜੀ ਸਾਜ਼ੋ-ਸਾਮਾਨ ਦੇ ਅਧੁਨੀਕੀਕਰਨ ਵਿੱਚ ਆ ਰਹੀਆਂ ਰੁਕਾਵਟਾਂ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਸਖ਼ਤ ਸ਼ਬਦਾਂ ‘ਚ ਕਿਹਾ ਕਿ ਜਿਹੜੇ ਅਧਿਕਾਰੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਫਲ ਰਹਿੰਦੇ ਹਨ, ਉਨ੍ਹਾਂ ਨੂੰ ਅਹੁਦਿਆਂ ‘ਤੇ ਬਣੇ ਰਹਿਣ ਦਾ ਹੱਕ ਨਹੀਂ।
ਅਧਿਕਾਰਤ ਜਾਣਕਾਰੀ ਤੱਕ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ
ਸਰਕਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਧਿਕਾਰਤ ਪੁਸ਼ਟੀ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਅਫਵਾਹ ‘ਤੇ ਵਿਸ਼ਵਾਸ ਨਾ ਕੀਤਾ ਜਾਵੇ ਅਤੇ ਸਿਰਫ਼ ਸਰਕਾਰੀ ਜਾਣਕਾਰੀ ‘ਤੇ ਹੀ ਭਰੋਸਾ ਕੀਤਾ ਜਾਵੇ।

