ਅੰਮ੍ਰਿਤਸਰ :- ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅੱਜ ਮਾਝੇ ਦੇ ਟਕਸਾਲੀ ਅਕਾਲੀ ਲੀਡਰ ਡਾ. ਰਤਨ ਸਿੰਘ ਅਜਨਾਲਾ ਦੇ ਘਰ ਪਹੁੰਚੇ। ਇੱਥੇ ਉਨ੍ਹਾਂ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਹਰ ਪੁਰਾਣੇ ਟਕਸਾਲੀ ਅਕਾਲੀ ਲੀਡਰ ਅਤੇ ਪਰਿਵਾਰ ਨੂੰ ਮੁੜ ਆਪਣੇ ਨਾਲ ਜੋੜਿਆ ਜਾਵੇਗਾ।
ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਅਹੁਦੇ ਲਈ ਨਹੀਂ ਸਗੋਂ ਪੰਥ ਤੇ ਕੌਮ ਦੀ ਸੇਵਾ ਲਈ ਸਿਆਸਤ ਵਿੱਚ ਆਏ ਹਨ।
ਉਨ੍ਹਾਂ ਕਿਹਾ—”ਅਕਾਲੀ ਦਲ ਲਈ ਕੁਰਬਾਨੀਆਂ ਦੇਣ ਵਾਲੇ ਪਰਿਵਾਰਾਂ ਦੇ ਘਰ-ਘਰ ਜਾਵਾਂਗੇ ਤੇ ਉਨ੍ਹਾਂ ਨੂੰ ਨਾਲ ਜੋੜਾਂਗੇ।”
ਏ.ਆਈ. ਦੇ ਗਲਤ ਇਸਤੇਮਾਲ ‘ਤੇ ਚਿੰਤਾ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਰਟੀਫ਼ੀਸ਼ਲ ਇੰਟੈਲੀਜੈਂਸ (AI) ਦਾ ਬਹੁਤ ਗਲਤ ਪ੍ਰਯੋਗ ਕੀਤਾ ਜਾ ਰਿਹਾ ਹੈ, ਜਿਸ ਨਾਲ ਨੈਤਿਕਤਾ ਅਤੇ ਭਾਈਚਾਰਕ ਰਿਸ਼ਤੇ ਖ਼ਤਰੇ ‘ਚ ਪੈ ਰਹੇ ਹਨ।
ਤਰਨਤਾਰਨ ਜ਼ਿਮਨੀ ਚੋਣ ‘ਤੇ ਰੁਖ
ਜ਼ਿਮਨੀ ਚੋਣ ਬਾਰੇ ਉਨ੍ਹਾਂ ਕਿਹਾ ਕਿ ਇਹ ਮਸਲਾ ਪਾਰਟੀ ਪਲੇਟਫਾਰਮ ‘ਤੇ ਚਰਚਾ ਕਰਕੇ ਸਾਰਿਆਂ ਦੀ ਰਾਏ ਦੇ ਆਧਾਰ ‘ਤੇ ਹੀ ਤੈਅ ਕੀਤਾ ਜਾਵੇਗਾ। ਪਹਿਲਾਂ ਪਾਰਟੀ ਦਾ ਸਟਰਕਚਰ ਤਿਆਰ ਕਰਕੇ ਉਸਨੂੰ ਮਜ਼ਬੂਤ ਕੀਤਾ ਜਾਵੇਗਾ।
ਪਾਰਟੀ ਚਿੰਨ ਸਬੰਧੀ ਬਿਆਨ
ਪਾਰਟੀ ਚਿੰਨ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਸੰਗਤ ਦੀ ਕਚਹਿਰੀ ‘ਚ ਜਾਣਗੇ ਅਤੇ ਸੰਗਤ ਜਿਸਨੂੰ ਪਿਆਰ ਦੇਵੇਗੀ, ਉਹੀ ਚਿੰਨ ਮਿਲ ਜਾਵੇਗਾ।
ਵਿਰੋਧੀਆਂ ‘ਤੇ ਤਿੱਖਾ ਹਮਲਾ
ਆਪਣੇ ਖ਼ਿਲਾਫ਼ ਬਿਆਨਬਾਜ਼ੀ ਕਰਨ ਵਾਲਿਆਂ ਨੂੰ ਲੈ ਕੇ ਉਨ੍ਹਾਂ ਕਿਹਾ—”ਜਿਹੜੇ ਵੀ ਮੇਰੇ ਲਈ ਗਲਤ ਬਿਆਨਬਾਜ਼ੀ ਕਰ ਰਹੇ ਹਨ, ਉਨ੍ਹਾਂ ਨੂੰ ਕਿਸੇ ਚੰਗੇ ਡਾਕਟਰ ਜਾਂ ਵੈਦ ਕੋਲ ਜਾ ਕੇ ਦਵਾਈ ਲੈਣੀ ਚਾਹੀਦੀ ਹੈ, ਤਾਂ ਜੋ ਉਨ੍ਹਾਂ ਨੂੰ ਮੇਰਾ ਸਨਮਾਨ ਰਾਸ ਆ ਸਕੇ।”