ਹਿਮਾਚਲ ਪ੍ਰਦੇਸ਼ :- ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਕਰਮਚਾਰੀਆਂ ਵਿੱਚ ਪੇਸ਼ਾਵਰਤਾ ਵਧਾਉਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਅਨੁਸਾਰ ਹਰ ਕਰਮਚਾਰੀ ਨੂੰ ਦਫ਼ਤਰ ਵਿੱਚ ਸਾਫ਼-ਸੁਥਰੇ ਅਤੇ ਸਧਾਰਣ ਪਹਿਰਾਵੇ ਵਿੱਚ ਹਾਜ਼ਰ ਹੋਣਾ ਲਾਜ਼ਮੀ ਕੀਤਾ ਗਿਆ ਹੈ, ਜਦਕਿ ਫੈਸ਼ਨ ਜਾਂ ਪਾਰਟੀ ਵਾਲੇ ਕੱਪੜਿਆਂ ‘ਤੇ ਪਾਬੰਦੀ ਲਗਾਈ ਗਈ ਹੈ।
ਮਰਦ ਤੇ ਔਰਤਾਂ ਲਈ ਵੱਖਰੇ ਨਿਯਮ ਤੈਅ
ਨਵੇਂ ਨਿਯਮਾਂ ਅਨੁਸਾਰ ਪੁਰਸ਼ ਕਰਮਚਾਰੀਆਂ ਨੂੰ ਕਮੀਜ਼ ਅਤੇ ਪੈਂਟ ਨਾਲ ਢੰਗ ਦੇ ਜੁੱਤੇ ਪਹਿਨਣ ਦੀ ਸਲਾਹ ਦਿੱਤੀ ਗਈ ਹੈ। ਇਸੇ ਤਰ੍ਹਾਂ ਮਹਿਲਾ ਕਰਮਚਾਰੀਆਂ ਲਈ ਸਾੜੀ, ਸਲਵਾਰ-ਕਮੀਜ਼, ਫਾਰਮਲ ਸੂਟ ਜਾਂ ਕੁਰਤਾ-ਦੁਪੱਟਾ ਵਰਗੇ ਪਹਿਰਾਵੇ ਨੂੰ ਤਰਜੀਹ ਦੇਣ ਦੀ ਹਦਾਇਤ ਦਿੱਤੀ ਗਈ ਹੈ।
ਜੀਨਸ ਅਤੇ ਟੀ-ਸ਼ਰਟ ‘ਤੇ ਪਾਬੰਦੀ
ਸਰਕਾਰ ਨੇ ਖਾਸ ਤੌਰ ‘ਤੇ ਜੀਨਸ ਅਤੇ ਟੀ-ਸ਼ਰਟ ਵਰਗੇ ਕੱਪੜਿਆਂ ਨੂੰ ਮਨਾਹ ਕਰਦੇ ਹੋਏ ਕਿਹਾ ਹੈ ਕਿ ਦਫ਼ਤਰੀ ਪਹਿਰਾਵਾ ਸ਼ਾਇਸਤਗੀ ਅਤੇ ਗੰਭੀਰਤਾ ਦਰਸਾਉਣਾ ਚਾਹੀਦਾ ਹੈ।
ਸੋਸ਼ਲ ਮੀਡੀਆ ਵਰਤੋਂ ‘ਤੇ ਵੀ ਸਖ਼ਤੀ
ਇਸਦੇ ਨਾਲ ਹੀ ਕਰਮਚਾਰੀਆਂ ਨੂੰ ਸੋਸ਼ਲ ਮੀਡੀਆ ‘ਤੇ ਵੀ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਸਰਕਾਰੀ ਨੀਤੀਆਂ ਜਾਂ ਪ੍ਰਸ਼ਾਸਕੀ ਮਾਮਲਿਆਂ ਬਾਰੇ ਨਿੱਜੀ ਵਿਚਾਰ ਸਾਂਝੇ ਕਰਨ ਤੋਂ ਰੋਕਿਆ ਗਿਆ ਹੈ ਅਤੇ ਰਾਜਨੀਤਿਕ ਜਾਂ ਧਾਰਮਿਕ ਟਿੱਪਣੀਆਂ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਗਈ ਹੈ।
ਨਿਯਮ ਤੋੜਨ ‘ਤੇ ਕਾਰਵਾਈ ਦੀ ਚੇਤਾਵਨੀ
ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾ ਸਕਦੀ ਹੈ। ਸਰਕਾਰ ਦਾ ਮਕਸਦ ਸਰਕਾਰੀ ਸੇਵਾ ਦੀ ਸਾਖ ਅਤੇ ਨਿਰਪੱਖਤਾ ਨੂੰ ਬਣਾਈ ਰੱਖਣਾ ਹੈ।

