ਉਡੀਸ਼ਾ :- ਉਡੀਸ਼ਾ ਦੇ ਕਟਕ ਸਥਿਤ ਐਸਸੀਬੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਟਰੌਮਾ ਕੇਅਰ ਆਈਸੀਯੂ ਵਿੱਚ ਲੱਗੀ ਅੱਗ ਕਾਰਨ ਵੱਡਾ ਹਾਦਸਾ ਵਾਪਰ ਗਿਆ। ਅੱਗ ਲੱਗਣ ਤੋਂ ਬਾਅਦ ਹਸਪਤਾਲ ਵਿੱਚ ਅਫ਼ਰਾਤਫ਼ਰੀ ਦਾ ਮਾਹੌਲ ਬਣ ਗਿਆ ਅਤੇ ਮਰੀਜ਼ਾਂ ਨੂੰ ਬਚਾਉਣ ਲਈ ਤੁਰੰਤ ਰਾਹਤ ਕਾਰਜ ਸ਼ੁਰੂ ਕੀਤੇ ਗਏ। ਇਸ ਦਰਦਨਾਕ ਘਟਨਾ ਵਿੱਚ ਕੁੱਲ 10 ਮਰੀਜ਼ਾਂ ਦੀ ਜਾਨ ਚਲੀ ਗਈ, ਜਦਕਿ ਕਈ ਹੋਰ ਮਰੀਜ਼ਾਂ ਨੂੰ ਤੁਰੰਤ ਦੂਜੇ ਵਾਰਡਾਂ ਵਿੱਚ ਭੇਜਿਆ ਗਿਆ।
ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਸੰਦੇਹ
ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦੇ ਸਮੇਂ ਟਰੌਮਾ ਆਈਸੀਯੂ, ਉਸ ਨਾਲ ਲੱਗਦੇ ਹੋਰ ਆਈਸੀਯੂ ਅਤੇ ਪਹਿਲੀ ਮੰਜ਼ਿਲ ਦੇ ਵਾਰਡ ਵਿੱਚ ਕੁੱਲ 23 ਮਰੀਜ਼ ਦਾਖ਼ਲ ਸਨ। ਅੱਗ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਸੁਰੱਖਿਅਤ ਥਾਵਾਂ ’ਤੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ 7 ਮਰੀਜ਼ਾਂ ਦੀ ਮੌਤ ਅੱਗ ਕਾਰਨ ਹੋ ਗਈ, ਜਦਕਿ ਬਾਕੀਆਂ ਨੂੰ ਤਬਦੀਲ ਕਰਨ ਮਗਰੋਂ 3 ਹੋਰ ਮਰੀਜ਼ਾਂ ਨੇ ਦਮ ਤੋੜ ਦਿੱਤਾ। ਸ਼ੁਰੂਆਤੀ ਜਾਣਕਾਰੀ ਅਨੁਸਾਰ ਅੱਗ ਬਿਜਲੀ ਦੇ ਸ਼ਾਰਟ ਸਰਕਟ ਨਾਲ ਲੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਮਰੀਜ਼ਾਂ ਨੂੰ ਬਚਾਉਂਦੇ ਸਮੇਂ ਕਰਮਚਾਰੀ ਵੀ ਜ਼ਖ਼ਮੀ
ਹਸਪਤਾਲ ਦੇ ਡਾਕਟਰਾਂ, ਮੈਡੀਕਲ ਸਟਾਫ ਅਤੇ ਸੁਰੱਖਿਆ ਕਰਮਚਾਰੀਆਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਮਰੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕੁਝ ਕਰਮਚਾਰੀ ਖੁਦ ਵੀ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਦਾ ਇਲਾਜ ਹਸਪਤਾਲ ਵਿੱਚ ਜਾਰੀ ਹੈ।
ਮੁੱਖ ਮੰਤਰੀ ਵੱਲੋਂ ਦੌਰਾ, ਨਿਆਂਇਕ ਜਾਂਚ ਦਾ ਐਲਾਨ
ਉਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਘਟਨਾ ’ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਹਸਪਤਾਲ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਹਾਦਸੇ ਦੀ ਨਿਆਂਇਕ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ ਅਤੇ ਅਧਿਕਾਰੀਆਂ ਨੂੰ ਸਾਰੇ ਮਰੀਜ਼ਾਂ ਦੀ ਸੁਰੱਖਿਅਤ ਤਬਦੀਲੀ ਅਤੇ ਉਚਿਤ ਇਲਾਜ ਯਕੀਨੀ ਬਣਾਉਣ ਲਈ ਕਿਹਾ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਹਸਪਤਾਲੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸੁਰੱਖਿਆ ਪ੍ਰਬੰਧ ਸੁਧਾਰਨ ਲਈ ਮੌਜੂਦਾ ਵਿੱਤੀ ਸਾਲ ਵਿੱਚ 400 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।

