ਓਡੀਸ਼ਾ :- ਓਡੀਸ਼ਾ ਦੇ ਕਟਕ ਵਿਖੇ ਸਥਿਤ ਸਰਕਾਰੀ ‘ਸ਼੍ਰੀ ਰਾਮ ਚੰਦਰ ਭੰਜ’ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਟਰਾਮਾ ਕੇਅਰ ਭਾਗ ਵਿੱਚ ਸੋਮਵਾਰ ਤੜਕੇ ਇਕ ਭਿਆਨਕ ਹਾਦਸਾ ਵਾਪਰ ਗਿਆ। ਹਸਪਤਾਲ ਦੇ ਆਈ.ਸੀ.ਯੂ. ਵਿੱਚ ਅਚਾਨਕ ਅੱਗ ਲੱਗਣ ਕਾਰਨ ਉਥੇ ਇਲਾਜ ਅਧੀਨ ਮਰੀਜ਼ਾਂ ਵਿੱਚ ਹੜਕੰਪ ਮਚ ਗਿਆ। ਇਸ ਦਰਦਨਾਕ ਘਟਨਾ ਵਿੱਚ 10 ਮਰੀਜ਼ਾਂ ਦੀ ਜਾਨ ਚਲੀ ਗਈ, ਜਦਕਿ ਹੋਰ ਮਰੀਜ਼ਾਂ ਨੂੰ ਬਚਾਉਣ ਲਈ ਦੌੜੇ ਹਸਪਤਾਲ ਦੇ 11 ਕਰਮਚਾਰੀ ਵੀ ਅੱਗ ਦੀ ਲਪੇਟ ਵਿੱਚ ਆ ਕੇ ਗੰਭੀਰ ਤੌਰ ’ਤੇ ਝੁਲਸ ਗਏ।
ਰਾਤ ਕਰੀਬ ਢਾਈ ਵਜੇ ਵਾਪਰੀ ਦੁਰਘਟਨਾ
ਪ੍ਰਸ਼ਾਸਨਿਕ ਅਧਿਕਾਰੀਆਂ ਦੇ ਅਨੁਸਾਰ ਇਹ ਹਾਦਸਾ ਰਾਤ ਲਗਭਗ 2:30 ਵਜੇ ਦੇ ਆਸ-ਪਾਸ ਵਾਪਰਿਆ, ਜਦੋਂ ਆਈ.ਸੀ.ਯੂ. ਵਿੱਚ ਗੰਭੀਰ ਹਾਲਤ ਵਾਲੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਸੀ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਲੰਬੇ ਸਮੇਂ ਤੱਕ ਕੀਤੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਪ੍ਰਾਰੰਭਿਕ ਜਾਣਕਾਰੀ ਅਨੁਸਾਰ ਇਸ ਘਟਨਾ ਦੇ ਪਿੱਛੇ ਬਿਜਲੀ ਦੀ ਤਾਰਾਂ ਵਿੱਚ ਆਇਆ ਸ਼ਾਰਟ ਸਰਕਟ ਕਾਰਨ ਹੋ ਸਕਦਾ ਹੈ।
ਮਰੀਜ਼ਾਂ ਨੂੰ ਤੁਰੰਤ ਦੂਜੇ ਵਾਰਡਾਂ ਵਿੱਚ ਭੇਜਿਆ ਗਿਆ
ਅੱਗ ਲੱਗਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਵੱਲੋਂ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਆਈ.ਸੀ.ਯੂ. ਵਿੱਚ ਮੌਜੂਦ 23 ਮਰੀਜ਼ਾਂ ਨੂੰ ਜਲਦੀ ਨਾਲ ਦੂਜੇ ਵਾਰਡਾਂ ਵਿੱਚ ਸ਼ਿਫਟ ਕੀਤਾ ਗਿਆ। ਪਰੰਤੂ ਇਸ ਦੌਰਾਨ 7 ਮਰੀਜ਼ਾਂ ਦੀ ਹਾਲਤ ਬਿਗੜ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ, ਜਦਕਿ ਹੋਰ 3 ਮਰੀਜ਼ਾਂ ਨੇ ਬਾਅਦ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਜ਼ਖ਼ਮੀ ਕਰਮਚਾਰੀਆਂ ਦਾ ਵੀ ਇਲਾਜ ਹਸਪਤਾਲ ਵਿੱਚ ਜਾਰੀ ਹੈ।
ਮੁੱਖ ਮੰਤਰੀ ਵੱਲੋਂ ਦੁੱਖ ਪ੍ਰਗਟ, ਮੁਆਵਜ਼ੇ ਦਾ ਐਲਾਨ
ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਓਡੀਸ਼ਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਅਤੇ ਸਿਹਤ ਮੰਤਰੀ ਮੁਕੇਸ਼ ਮਹਾਲਿੰਗ ਹਸਪਤਾਲ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਘਟਨਾ ਨੂੰ ਬਹੁਤ ਦੁਖਦਾਈ ਕਰਾਰ ਦਿੰਦਿਆਂ ਮ੍ਰਿਤਕਾਂ ਦੇ ਪਰਿਵਾਰਾਂ ਲਈ 25-25 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ। ਨਾਲ ਹੀ ਅਧਿਕਾਰੀਆਂ ਨੂੰ ਜ਼ਖ਼ਮੀਆਂ ਦੇ ਵਧੀਆ ਇਲਾਜ ਲਈ ਹਰ ਸੰਭਵ ਸਹੂਲਤ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਘਟਨਾ ਦੀ ਅਸਲ ਵਜ੍ਹਾ ਪਤਾ ਕਰਨ ਲਈ ਪੁਲਿਸ ਅਤੇ ਫਾਇਰ ਵਿਭਾਗ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

