ਨਵੀਂ ਦਿੱਲੀ :- Commission for Air Quality Management ਵੱਲੋਂ ਗੈਸ ਦੀ ਘਾਟ ਦੇ ਹਾਲਾਤਾਂ ਨੂੰ ਦੇਖਦਿਆਂ Delhi NCR ਦੇ ਹੋਟਲਾਂ, ਰੈਸਟੋਰੈਂਟਾਂ ਅਤੇ ਖਾਣ-ਪੀਣ ਵਾਲੀਆਂ ਥਾਵਾਂ ਨੂੰ ਅਸਥਾਈ ਰਾਹਤ ਦਿੱਤੀ ਗਈ ਹੈ। ਨਵੇਂ ਫੈਸਲੇ ਤਹਿਤ ਇਨ੍ਹਾਂ ਸਥਾਨਾਂ ਨੂੰ ਤੰਦੂਰਾਂ ਵਿੱਚ ਲੱਕੜ ਅਤੇ ਕੋਲੇ ਦੀ ਵਰਤੋਂ ਕਰਕੇ ਖਾਣਾ ਤਿਆਰ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਤਾਂ ਜੋ ਵਪਾਰਕ ਗਤੀਵਿਧੀਆਂ ਪ੍ਰਭਾਵਿਤ ਨਾ ਹੋਣ।
ਕੇਵਲ ਇਕ ਮਹੀਨੇ ਲਈ ਲਾਗੂ ਰਹੇਗੀ ਛੋਟ
ਅਧਿਕਾਰੀਆਂ ਮੁਤਾਬਕ ਇਹ ਮਨਜ਼ੂਰੀ ਸਿਰਫ਼ ਇੱਕ ਮਹੀਨੇ ਲਈ ਜਾਂ ਅਗਲੇ ਹੁਕਮ ਜਾਰੀ ਹੋਣ ਤੱਕ ਲਾਗੂ ਰਹੇਗੀ। ਇਸ ਕਦਮ ਦਾ ਮਕਸਦ ਰੈਸਟੋਰੈਂਟ ਅਤੇ ਹੋਟਲ ਉਦਯੋਗ ਨੂੰ ਗੈਸ ਸਪਲਾਈ ਵਿੱਚ ਆ ਰਹੀਆਂ ਰੁਕਾਵਟਾਂ ਤੋਂ ਅਸਥਾਈ ਰਾਹਤ ਦੇਣਾ ਹੈ।
ਗੈਸ ਸਪਲਾਈ ਵਿੱਚ ਰੁਕਾਵਟਾਂ ਕਾਰਨ ਉੱਭਰੀ ਸਮੱਸਿਆ
ਰਿਪੋਰਟਾਂ ਮੁਤਾਬਕ ਵਿਸ਼ਵ ਪੱਧਰ ‘ਤੇ ਊਰਜਾ ਸਪਲਾਈ ਵਿੱਚ ਆ ਰਹੀਆਂ ਦਿੱਕਤਾਂ ਅਤੇ ਕੇਂਦਰ ਸਰਕਾਰ ਦੇ Natural Gas Supply Regulation Order 2026 ਦੇ ਪ੍ਰਭਾਵਾਂ ਕਾਰਨ ਕੁਦਰਤੀ ਗੈਸ ਦੀ ਉਪਲਬਧਤਾ ਘਟ ਗਈ ਹੈ। ਇਸ ਸਥਿਤੀ ਦੇ ਮੱਦੇਨਜ਼ਰ ਕਮਿਸ਼ਨ ਨੇ ਪੈਟਰੋਲੀਅਮ ਮੰਤਰਾਲੇ ਅਤੇ ਗੈਸ ਵੰਡ ਏਜੰਸੀਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫੈਸਲਾ ਕੀਤਾ।
ਪ੍ਰਦੂਸ਼ਣ ਨਿਯਮਾਂ ਦੀ ਪਾਲਣਾ ਜਾਰੀ ਰਹੇਗੀ
ਇਸ ਦੇ ਨਾਲ ਹੀ Central Pollution Control Board ਨੇ ਵੀ ਸੂਬਾਈ ਪ੍ਰਦੂਸ਼ਣ ਨਿਯੰਤਰਣ ਬੋਰਡਾਂ ਨੂੰ ਸਲਾਹ ਦਿੱਤੀ ਹੈ ਕਿ ਉਦਯੋਗਿਕ ਕੰਮਕਾਜ ਵਿੱਚ ਰੁਕਾਵਟਾਂ ਤੋਂ ਬਚਣ ਲਈ ਕੁਝ ਹਾਲਾਤਾਂ ਵਿੱਚ ਵਿਕਲਪਕ ਬਾਲਣ ਦੀ ਵਰਤੋਂ ਦੀ ਆਗਿਆ ਦਿੱਤੀ ਜਾ ਸਕਦੀ ਹੈ। ਹਾਲਾਂਕਿ ਹੋਰ ਸਾਰੇ ਪ੍ਰਦੂਸ਼ਣ ਸੰਬੰਧੀ ਨਿਯਮ ਪਹਿਲਾਂ ਵਾਂਗ ਹੀ ਲਾਗੂ ਰਹਿਣਗੇ।

