ਅਨੰਤਨਾਗ :- ਅਨੰਤਨਾਗ ਦੇ ਪਿੰਡ ਚਿੱਟੀਸਿੰਘਪੁਰਾ ਵਿੱਚ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹਾਜ਼ਰੀ ਭਰੀ। ਇਸ ਮੌਕੇ ਉਨ੍ਹਾਂ ਨੇ 20 ਮਾਰਚ 2000 ਨੂੰ ਕਤਲ ਕੀਤੇ ਗਏ 35 ਨਿਰਦੋਸ਼ ਸਿੱਖਾਂ ਦੀ ਯਾਦਗਾਰ ’ਤੇ ਮੱਥਾ ਟੇਕਿਆ ਅਤੇ ਉਹ ਥਾਂ ਵੀ ਵੇਖੀ ਜਿੱਥੇ ਇਹ ਖੂਨੀ ਕਾਂਡ ਵਾਪਰਿਆ ਸੀ।
“ਇਨਸਾਫ਼ ਦੀ ਉਡੀਕ ਅਜੇ ਵੀ ਜਾਰੀ” – ਜਥੇਦਾਰ ਗੜਗੱਜ
ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਦਰਦਨਾਕ ਹਾਦਸਾ ਸਿਰਫ਼ ਕਸ਼ਮੀਰ ਹੀ ਨਹੀਂ, ਸਗੋਂ ਪੂਰੀ ਸਿੱਖ ਕੌਮ ਨੂੰ ਝੰਝੋੜ ਗਿਆ ਸੀ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰ ਅੱਜ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ, ਪਰ ਸੱਚਾਈ ਸਾਹਮਣੇ ਨਹੀਂ ਆ ਸਕੀ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਬੇਨਕਾਬ ਕਰਕੇ ਸਜ਼ਾ ਦੇਵੇ। ਉਨ੍ਹਾਂ ਨੇ ਦਰਸਾਇਆ ਕਿ ਗੋਲੀਆਂ ਦੇ ਨਿਸ਼ਾਨ ਅੱਜ ਵੀ ਇਸ ਬੇਰਹਿਮੀ ਦੀ ਗਵਾਹੀ ਦੇ ਰਹੇ ਹਨ ਕਿ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਸਿੱਖ ਕੌਮ ਨੂੰ ਕਿਵੇਂ ਵਾਰ-ਵਾਰ ਨਿਸ਼ਾਨਾ ਬਣਾਇਆ ਗਿਆ।
ਕਸ਼ਮੀਰੀ ਸਿੱਖਾਂ ਦੀ ਹਿੰਮਤ ਤੇ ਅਡਿੱਗਤਾ
ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਸਿੱਖਾਂ ਨੇ ਤਸ਼ੱਦਦ ਅਤੇ ਹਿੰਸਾ ਦੇ ਬਾਵਜੂਦ ਆਪਣੀ ਧਰਤੀ ਨਹੀਂ ਛੱਡੀ। ਅੱਜ ਵੀ ਸਿੱਖ ਗੁਰੂ ਘਰਾਂ ਦੀ ਛਤਰਛਾਇਆ ਹੇਠ ਚੜ੍ਹਦੀ ਕਲਾ ਨਾਲ ਰਹਿ ਰਹੇ ਹਨ। ਪਰ ਦੁਖ ਦੀ ਗੱਲ ਹੈ ਕਿ ਸਰਕਾਰਾਂ ਉਨ੍ਹਾਂ ਦੇ ਹੱਕਾਂ ਨੂੰ ਦਬਾ ਰਹੀਆਂ ਹਨ। ਜਥੇਦਾਰ ਗੜਗੱਜ ਨੇ ਚਿੱਟੀਸਿੰਘਪੁਰਾ ਦੀ ਘਟਨਾ ਨੂੰ ਏਕਤਾ ਦੀ ਪ੍ਰੇਰਣਾ ਕਰਾਰ ਦਿੰਦਿਆਂ ਕਿਹਾ ਕਿ ਜੇ ਸਿੱਖ ਕੌਮ ਇਕਜੁੱਟ ਹੋ ਕੇ ਖੜ੍ਹੇ ਰਹਿਣ ਤਾਂ ਕਿਸੇ ਵੀ ਚੁਣੌਤੀ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।
ਸ਼ਹੀਦਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ
ਇਸ ਮੌਕੇ ਗੁਰਦੁਆਰਾ ਸਾਹਿਬ ਵਿੱਚ ਸੰਧਿਆ ਵੇਲੇ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਜਥੇਦਾਰ ਗੜਗੱਜ ਨੇ ਗੁਰਬਾਣੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਸ਼ਹੀਦ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਦਾ ਦੁੱਖ-ਦਰਦ ਸਾਂਝਾ ਕੀਤਾ ਅਤੇ ਪਿੰਡ ਦੇ ਅਧਿਆਪਕ ਗਿਆਨੀ ਰਜਿੰਦਰ ਸਿੰਘ ਤੇ ਨੌਜਵਾਨ ਸਭਾ ਦੇ ਯੋਗਦਾਨ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਯਾਦਗਾਰ ਦੀ ਸੰਭਾਲ ਪੀੜ੍ਹੀਆਂ ਨੂੰ ਸਿੱਖ ਕੌਮ ਦੇ ਕੁਰਬਾਨੀਆਂ ਦੀ ਯਾਦ ਦਵਾਉਂਦੀ ਰਹੇਗੀ।