ਅੰਮ੍ਰਿਤਸਰ :- ਪਿੰਡ ਖਾਨਕੋਟ ਸਰਦਾਰਾਂ ਵਾਲਾ ਵਾਰਡ ਨੰਬਰ 35 ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਲਾਕੇ ਵਿੱਚ ਸਰਕਾਰੀ ਟੂਟੀਆਂ ਦਾ ਗੰਦਾ ਪਾਣੀ ਪੀਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਹਸਪਤਾਲ ਵਿੱਚ ਇਸ ਸਮੇਂ 4-5 ਮਰੀਜ਼ ਦਾਖਲ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ।
ਇਲਾਕੇ ਦੇ ਵਸਨੀਕ ਰਣਵੀਰ ਸਿੰਘ ਰਾਣਾ ਨੇ ਦੱਸਿਆ ਕਿ ਪਿੰਡ ਵਿੱਚ ਪਾਣੀ ਗੰਦਾ ਆ ਰਿਹਾ ਹੈ ਅਤੇ ਲੋਕਾਂ ਦੀ ਸਿਹਤ ‘ਤੇ ਇਸ ਦਾ ਬੁਰਾ ਪ੍ਰਭਾਵ ਪੈ ਰਿਹਾ ਹੈ। ਗੰਦਾ ਪਾਣੀ ਪੀਣ ਕਾਰਨ ਕਈ ਲੋਕ ਬਿਮਾਰ ਹੋ ਚੁੱਕੇ ਹਨ। ਮੌਤਾਂ ਦੀ ਸੰਭਾਵਨਾ ਵੱਧ ਸਕਦੀ ਹੈ ਕਿਉਂਕਿ ਹੁਣ ਤੱਕ 15 ਤੋਂ 20 ਲੋਕਾਂ ਨੂੰ ਬਿਮਾਰੀ ਦੇ ਲੱਛਣ ਨਜ਼ਰ ਆਏ ਹਨ ਅਤੇ ਉਹ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ।
ਇਲਾਕੇ ਦੇ ਵਾਸੀਆਂ ਨੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਪਾਣੀ ਸਪਲਾਈ ਦੀ ਸੁਰੱਖਿਆ ਅਤੇ ਗੁਣਵੱਤਾ ਯਕੀਨੀ ਬਣਾਈ ਜਾਵੇ, ਤਾਂ ਜੋ ਹੋਰ ਜਾਨਾਂ ਨੂੰ ਬਚਾਇਆ ਜਾ ਸਕੇ।