ਚੰਡੀਗੜ੍ਹ :- ਚੰਡੀਗੜ੍ਹ ਪ੍ਰਸ਼ਾਸਨ ਨੇ ਆਉਣ ਵਾਲੇ ਵਿੱਤੀ ਸਾਲ 2026-27 ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਂ ਆਬਕਾਰੀ ਨੀਤੀ ਦਾ ਐਲਾਨ ਕਰ ਦਿੱਤਾ ਹੈ। ਦੇਰ ਰਾਤ ਜਾਰੀ ਕੀਤੀ ਗਈ ਇਸ ਨੀਤੀ ਵਿੱਚ ਸ਼ਹਿਰ ਵਿੱਚ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ, ਬਾਰਾਂ ਅਤੇ ਰੈਸਟੋਰੈਂਟਾਂ ਨੂੰ ਮਿਲਣ ਵਾਲੇ ਲਾਇਸੈਂਸ, ਮਾਈਕ੍ਰੋ ਬਰੂਅਰੀਆਂ ਅਤੇ ਹੋਰ ਸੰਬੰਧਿਤ ਪ੍ਰਬੰਧਾਂ ਬਾਰੇ ਨਵੇਂ ਨਿਯਮ ਤੈਅ ਕੀਤੇ ਗਏ ਹਨ। ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਨੀਤੀ ਰਾਹੀਂ ਸ਼ਰਾਬ ਵਿਕਰੀ ਪ੍ਰਣਾਲੀ ਨੂੰ ਸੁਚੱਜਾ ਬਣਾਉਣ ਦੇ ਨਾਲ ਸੁਰੱਖਿਆ ਮਾਪਦੰਡਾਂ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ।
ਪਲਸੋਰਾ ਦਾ ਠੇਕਾ ਸਭ ਤੋਂ ਉੱਚੀ ਕੀਮਤ ‘ਤੇ ਰੱਖਿਆ ਗਿਆ
ਨਵੀਂ ਨੀਤੀ ਅਨੁਸਾਰ ਪਿੰਡ ਪਲਸੋਰਾ ਵਿੱਚ ਸਥਿਤ ਸ਼ਰਾਬ ਦੀ ਦੁਕਾਨ ਦੀ ਰਿਜ਼ਰਵ ਕੀਮਤ ਸ਼ਹਿਰ ਵਿੱਚ ਸਭ ਤੋਂ ਵੱਧ ਨਿਰਧਾਰਤ ਕੀਤੀ ਗਈ ਹੈ। ਆਬਕਾਰੀ ਵਿਭਾਗ ਨੇ ਇਸ ਦੀ ਕੀਮਤ ਲਗਭਗ 11 ਕਰੋੜ 41 ਲੱਖ ਤੋਂ ਵੱਧ ਤੈਅ ਕੀਤੀ ਹੈ। ਇਸਦੇ ਉਲਟ ਸੈਕਟਰ-41 ਮਾਰਕੀਟ ਦਾ ਠੇਕਾ ਸਭ ਤੋਂ ਘੱਟ ਰਿਜ਼ਰਵ ਕੀਮਤ ਵਾਲਾ ਹੈ, ਜਿਸ ਦੀ ਕੀਮਤ ਕਰੀਬ 1 ਕਰੋੜ 93 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ।
ਹੋਟਲਾਂ ਅਤੇ ਰੈਸਟੋਰੈਂਟਾਂ ਲਈ ਵੱਖ-ਵੱਖ ਲਾਇਸੈਂਸ ਸ਼੍ਰੇਣੀਆਂ
ਨੀਤੀ ਦੇ ਤਹਿਤ ਹੋਟਲਾਂ ਅਤੇ ਰੈਸਟੋਰੈਂਟਾਂ ਦੇ ਸੰਚਾਲਕਾਂ ਨੂੰ L-3, L-4, L-5, L-3A, L-4A, L-10A ਅਤੇ L-10AA ਵਰਗੀਆਂ ਲਾਇਸੈਂਸ ਸ਼੍ਰੇਣੀਆਂ ਹੇਠ ਅਰਜ਼ੀ ਦੇਣ ਦੀ ਆਗਿਆ ਦਿੱਤੀ ਗਈ ਹੈ। ਹਾਲਾਂਕਿ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਲਾਇਸੈਂਸ ਤਦੋਂ ਹੀ ਜਾਰੀ ਹੋਵੇਗਾ ਜਦੋਂ ਸੰਬੰਧਤ ਸਥਾਨ ਅਸਲ ਵਿੱਚ ਚਾਲੂ ਹੋ ਜਾਵੇਗਾ। ਕੁਝ ਲਾਇਸੈਂਸਧਾਰਕਾਂ ਨੂੰ ਬਾਅਦ ਵਿੱਚ ਮਾਈਕ੍ਰੋ ਬਰੂਅਰੀ ਖੋਲ੍ਹਣ ਦੀ ਵੀ ਮਨਜ਼ੂਰੀ ਮਿਲ ਸਕੇਗੀ।
ਸ਼ਰਾਬ ਪੀ ਕੇ ਗੱਡੀ ਚਲਾਉਣ ‘ਤੇ ਨਕੇਲ ਕੱਸਣ ਦੀ ਕੋਸ਼ਿਸ਼
ਸ਼ਹਿਰ ਵਿੱਚ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੀਆਂ ਘਟਨਾਵਾਂ ਨੂੰ ਘਟਾਉਣ ਲਈ ਪ੍ਰਸ਼ਾਸਨ ਨੇ ਨਵਾਂ ਕਦਮ ਚੁੱਕਿਆ ਹੈ। ਹੁਣ ਹੋਟਲਾਂ, ਬਾਰਾਂ, ਰੈਸਟੋਰੈਂਟਾਂ ਅਤੇ ਪੱਬਾਂ ਵਿੱਚ ਸ਼ਰਾਬ ਪਰੋਸਣ ਵਾਲੇ ਹਰ ਲਾਇਸੈਂਸਧਾਰਕ ਲਈ ਅਲਕੋਹਲ ਮੀਟਰ ਦੀ ਸਹੂਲਤ ਰੱਖਣਾ ਲਾਜ਼ਮੀ ਹੋਵੇਗਾ। ਇਸ ਨਾਲ ਗਾਹਕ ਆਪਣੇ ਨਸ਼ੇ ਦੀ ਮਾਤਰਾ ਦੀ ਜਾਂਚ ਕਰ ਸਕਣਗੇ।
ਸੀਸੀਟੀਵੀ ਨਿਗਰਾਨੀ ਅਤੇ ਢਾਂਚਾਗਤ ਨਿਯਮ ਵੀ ਸਖ਼ਤ
ਨਵੀਂ ਨੀਤੀ ਵਿੱਚ ਸ਼ਰਾਬ ਦੀ ਗੈਰਕਾਨੂੰਨੀ ਤਸਕਰੀ ਨੂੰ ਰੋਕਣ ਲਈ ਸੀਸੀਟੀਵੀ ਨਿਗਰਾਨੀ ਨੂੰ ਵੀ ਲਾਜ਼ਮੀ ਬਣਾਉਣ ‘ਤੇ ਜ਼ੋਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਸ਼ਰਾਬਖਾਨਿਆਂ ਲਈ ਇਹ ਨਿਯਮ ਕੀਤਾ ਗਿਆ ਹੈ ਕਿ ਉਹ ਖੁੱਲ੍ਹੇ ਇਲਾਕਿਆਂ ਵਿੱਚ ਨਹੀਂ ਚੱਲ ਸਕਣਗੇ। ਉਨ੍ਹਾਂ ਦੇ ਆਲੇ ਦੁਆਲੇ ਮਜ਼ਬੂਤ ਕੰਧ ਅਤੇ ਪੱਕੀ ਛੱਤ ਹੋਣੀ ਲਾਜ਼ਮੀ ਹੋਵੇਗੀ ਅਤੇ ਘੱਟੋ-ਘੱਟ 8 ਮੇਜ਼ਾਂ ਨਾਲ 40 ਲੋਕਾਂ ਲਈ ਬੈਠਣ ਦੀ ਸਹੂਲਤ ਹੋਣੀ ਚਾਹੀਦੀ ਹੈ।
ਹਰ ਵਿਕਰੀ ‘ਤੇ ਬਿੱਲ ਜਾਰੀ ਕਰਨਾ ਹੋਵੇਗਾ ਲਾਜ਼ਮੀ
ਸ਼ਰਾਬ ਦੀ ਵਿਕਰੀ ਵਿੱਚ ਪਾਰਦਰਸ਼ਤਾ ਲਿਆਉਣ ਲਈ ਨਵੀਂ ਨੀਤੀ ਵਿੱਚ ਇਹ ਵੀ ਨਿਰਦੇਸ਼ ਦਿੱਤਾ ਗਿਆ ਹੈ ਕਿ ਹਰ ਗਾਹਕ ਨੂੰ ਖਰੀਦਦਾਰੀ ਸਮੇਂ ਬਿੱਲ ਦੇਣਾ ਜ਼ਰੂਰੀ ਹੋਵੇਗਾ। ਇਸ ਕਦਮ ਨਾਲ ਗੈਰਕਾਨੂੰਨੀ ਵਿਕਰੀ ਅਤੇ ਟੈਕਸ ਚੋਰੀ ਨੂੰ ਰੋਕਣ ਵਿੱਚ ਮਦਦ ਮਿਲਣ ਦੀ ਉਮੀਦ ਜਤਾਈ ਗਈ ਹੈ।
ਕੀਮਤਾਂ ਵਿੱਚ ਹੋਵੇਗਾ ਹਲਕਾ ਵਾਧਾ
ਨਵੀਂ ਆਬਕਾਰੀ ਨੀਤੀ ਲਾਗੂ ਹੋਣ ਤੋਂ ਬਾਅਦ ਦੇਸੀ ਸ਼ਰਾਬ ਅਤੇ ਬੀਅਰ ਦੀਆਂ ਕੀਮਤਾਂ ਵਿੱਚ ਕਰੀਬ 2 ਫੀਸਦੀ ਦਾ ਵਾਧਾ ਹੋਵੇਗਾ। ਇਸ ਮੁਤਾਬਕ 500 ਰੁਪਏ ਦੀ ਬੋਤਲ ਲਗਭਗ 10 ਰੁਪਏ ਮਹਿੰਗੀ ਹੋ ਜਾਵੇਗੀ, ਜਦਕਿ 2000 ਰੁਪਏ ਵਾਲੀ ਬੋਤਲ ਕਰੀਬ 40 ਰੁਪਏ ਵੱਧ ਕੀਮਤ ‘ਤੇ ਮਿਲੇਗੀ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਵਾਧਾ ਮਹਿੰਗਾਈ ਅਤੇ ਕੱਚੇ ਮਾਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ।

