ਨਵੀਂ ਦਿੱਲੀ :- ਮੱਧ ਪੂਰਬ ਵਿੱਚ ਵਧ ਰਹੇ ਤਣਾਅ ਦੇ ਦੌਰਾਨ ਅਮਰੀਕਾ ਵੱਲੋਂ ਊਰਜਾ ਖੇਤਰ ਵਿੱਚ ਵੱਡਾ ਕਦਮ ਚੁੱਕਣ ਦਾ ਐਲਾਨ ਕੀਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ Donald Trump ਨੇ ਦੱਸਿਆ ਕਿ ਲਗਭਗ ਅੱਧੀ ਸਦੀ ਬਾਅਦ ਅਮਰੀਕਾ ਵਿੱਚ ਇੱਕ ਨਵੀਂ ਤੇਲ ਰਿਫਾਇਨਰੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਟੈਕਸਾਸ ਦੇ ਬ੍ਰਾਊਨਸਵਿਲ ਖੇਤਰ ਵਿੱਚ ਬਣਨ ਵਾਲਾ ਇਹ ਪ੍ਰੋਜੈਕਟ ਦੇਸ਼ ਦੇ ਊਰਜਾ ਖੇਤਰ ਲਈ ਇੱਕ ਮਹੱਤਵਪੂਰਨ ਮੋੜ ਸਾਬਤ ਹੋਵੇਗਾ।
300 ਅਰਬ ਡਾਲਰ ਦਾ ਨਿਵੇਸ਼, ਹਜ਼ਾਰਾਂ ਰੁਜ਼ਗਾਰ ਦੇ ਮੌਕੇ
ਟਰੰਪ ਨੇ ਕਿਹਾ ਕਿ ਇਹ ਪ੍ਰੋਜੈਕਟ ਕਰੀਬ 300 ਅਰਬ ਡਾਲਰ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ ਅਤੇ ਇਸਨੂੰ ਅਮਰੀਕੀ ਇਤਿਹਾਸ ਦੇ ਸਭ ਤੋਂ ਵੱਡੇ ਉਦਯੋਗਿਕ ਨਿਵੇਸ਼ਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੇ ਅਨੁਸਾਰ ਇਹ ਯੋਜਨਾ ਅਮਰੀਕੀ ਮਜ਼ਦੂਰਾਂ ਅਤੇ ਦੱਖਣੀ ਟੈਕਸਾਸ ਦੇ ਲੋਕਾਂ ਲਈ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ। ਉਨ੍ਹਾਂ ਇਸ ਨਿਵੇਸ਼ ਵਿੱਚ ਭਾਰਤ ਦੇ ਸਹਿਯੋਗ ਦਾ ਵੀ ਜ਼ਿਕਰ ਕੀਤਾ ਅਤੇ Reliance Industries ਦਾ ਧੰਨਵਾਦ ਕੀਤਾ।
ਬ੍ਰਾਊਨਸਵਿਲ ਬੰਦਰਗਾਹ ‘ਤੇ ਬਣੇਗੀ ਆਧੁਨਿਕ ਰਿਫਾਇਨਰੀ
ਟਰੰਪ ਨੇ ਦੱਸਿਆ ਕਿ ਇਹ ਨਵੀਂ ਰਿਫਾਇਨਰੀ Port of Brownsville ਦੇ ਨੇੜੇ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਅਮਰੀਕਾ ਦੀ ਊਰਜਾ ਉਤਪਾਦਨ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਦੇਸ਼ ਦੀ ਰਾਸ਼ਟਰੀ ਸੁਰੱਖਿਆ ਨੂੰ ਵੀ ਮਜ਼ਬੂਤੀ ਮਿਲੇਗੀ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਸਾਫ਼ ਅਤੇ ਆਧੁਨਿਕ ਤੇਲ ਰਿਫਾਇਨਰੀਆਂ ਵਿੱਚੋਂ ਇੱਕ ਹੋਵੇਗੀ।
ਹੋਰਮੁਜ਼ ਜਲਡਮਰੂ ‘ਤੇ ਤਣਾਅ ਕਾਰਨ ਤੇਲ ਵਪਾਰ ਪ੍ਰਭਾਵਿਤ
ਦੂਜੇ ਪਾਸੇ ਮੱਧ ਪੂਰਬ ਵਿੱਚ ਤਣਾਅ ਕਾਰਨ ਵਿਸ਼ਵ ਪੱਧਰ ‘ਤੇ ਤੇਲ ਸਪਲਾਈ ਨੂੰ ਲੈ ਕੇ ਚਿੰਤਾ ਵਧ ਗਈ ਹੈ। ਜਾਣਕਾਰੀ ਅਨੁਸਾਰ Strait of Hormuz ਰਾਹੀਂ ਦੁਨੀਆ ਦੇ ਲਗਭਗ 20 ਫੀਸਦੀ ਕੱਚੇ ਤੇਲ ਦੀ ਆਵਾਜਾਈ ਹੁੰਦੀ ਹੈ। ਇਸ ਖੇਤਰ ਵਿੱਚ ਜਹਾਜ਼ਾਂ ‘ਤੇ ਹੋ ਰਹੇ ਹਮਲਿਆਂ ਕਾਰਨ ਅੰਤਰਰਾਸ਼ਟਰੀ ਵਪਾਰ ‘ਤੇ ਵੀ ਅਸਰ ਪੈ ਰਿਹਾ ਹੈ। International Maritime Organization ਦੇ ਅਨੁਸਾਰ ਹਾਲੀਆ ਘਟਨਾਵਾਂ ਦੌਰਾਨ ਵਪਾਰਕ ਜਹਾਜ਼ਾਂ ‘ਤੇ ਹੋਏ ਹਮਲਿਆਂ ਵਿੱਚ ਕਈ ਮਲਾਹਾਂ ਦੀ ਜਾਨ ਵੀ ਗਈ ਹੈ।

