ਚੰਡੀਗੜ੍ਹ :- ਭਾਰਤੀ ਸ਼ੇਅਰ ਬਾਜ਼ਾਰ ਵਿੱਚ ਅੱਜ ਲਗਾਤਾਰ ਦੂਜੇ ਦਿਨ ਕਾਰੋਬਾਰ ਦੀ ਸ਼ੁਰੂਆਤ ਸਕਾਰਾਤਮਕ ਰਹੀ। ਬਾਜ਼ਾਰ ਖੁੱਲ੍ਹਦੇ ਹੀ ਨਿਵੇਸ਼ਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਮੁੱਖ ਸੂਚਕਾਂ ਵਿੱਚ ਵਾਧਾ ਦਰਜ ਕੀਤਾ ਗਿਆ। ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ਵਿੱਚ ਕਰੀਬ 100 ਅੰਕਾਂ ਦੀ ਚੜ੍ਹਤ ਹੋਈ, ਜਦਕਿ ਨਿਫਟੀ ਵੀ ਉੱਪਰਲੇ ਪੱਧਰ ’ਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ।
ਕੁਝ ਸਮੇਂ ਬਾਅਦ ਬਾਜ਼ਾਰ ਦੀ ਦਿਸ਼ਾ ਬਦਲੀ
ਹਾਲਾਂਕਿ ਇਹ ਤੇਜ਼ੀ ਜ਼ਿਆਦਾ ਦੇਰ ਤੱਕ ਕਾਇਮ ਨਹੀਂ ਰਹੀ। ਵਪਾਰ ਦੌਰਾਨ ਕੁਝ ਸਮੇਂ ਬਾਅਦ ਹੀ ਬਾਜ਼ਾਰ ਵਿੱਚ ਵਿਕਰੀ ਦਾ ਦਬਾਅ ਵਧ ਗਿਆ, ਜਿਸ ਕਾਰਨ ਸੈਂਸੈਕਸ 200 ਤੋਂ ਵੱਧ ਅੰਕਾਂ ਦੀ ਗਿਰਾਵਟ ਨਾਲ ਹੇਠਾਂ ਆ ਗਿਆ। ਇਸੇ ਤਰ੍ਹਾਂ ਨਿਫਟੀ ਵਿੱਚ ਵੀ ਲਗਭਗ 54 ਅੰਕ ਦੀ ਕਮੀ ਦਰਜ ਕੀਤੀ ਗਈ। ਖ਼ਬਰ ਲਿਖੇ ਜਾਣ ਤੱਕ ਸੈਂਸੈਕਸ ਕਰੀਬ 78,031 ਅਤੇ ਨਿਫਟੀ ਲਗਭਗ 24,217 ਦੇ ਪੱਧਰ ’ਤੇ ਕਾਰੋਬਾਰ ਕਰ ਰਹੇ ਸਨ।
ਗਲੋਬਲ ਸੰਕੇਤਾਂ ਨੇ ਦਿੱਤੀ ਸੀ ਸ਼ੁਰੂਆਤੀ ਤਾਕਤ
ਵਿਸ਼ਵ ਬਾਜ਼ਾਰਾਂ ਤੋਂ ਮਿਲੇ ਹੌਸਲਾਬਖ਼ਸ਼ ਸੰਕੇਤਾਂ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਨਰਮੀ ਨੇ ਸਵੇਰੇ ਘਰੇਲੂ ਬਾਜ਼ਾਰ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ ਸੀ। ਇਸ ਕਰਕੇ ਇਹ ਉਮੀਦ ਜਤਾਈ ਜਾ ਰਹੀ ਸੀ ਕਿ ਬਾਜ਼ਾਰ ਦਿਨ ਭਰ ਹਰੇ ਨਿਸ਼ਾਨ ’ਤੇ ਕਾਇਮ ਰਹਿਣਗੇ, ਪਰ ਬਾਅਦ ਵਿੱਚ ਨਿਵੇਸ਼ਕਾਂ ਨੇ ਮੁਨਾਫ਼ਾ ਵਸੂਲੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਨਾਲ ਮਾਹੌਲ ਬਦਲ ਗਿਆ।
ਕੱਚੇ ਤੇਲ ਦੀ ਕੀਮਤਾਂ ਵਿੱਚ ਆਈ ਨਰਮੀ ਦਾ ਪ੍ਰਭਾਵ
ਮਾਹਿਰਾਂ ਅਨੁਸਾਰ ਅਮਰੀਕੀ ਰਾਸ਼ਟਰਪਤੀ Donald Trump ਦੇ ਹਾਲੀਆ ਬਿਆਨਾਂ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕੁਝ ਸਥਿਰਤਾ ਆਈ ਹੈ। ਪਹਿਲਾਂ ਜਿੱਥੇ ਕੀਮਤਾਂ 100 ਡਾਲਰ ਦੇ ਨੇੜੇ ਪਹੁੰਚ ਗਈਆਂ ਸਨ, ਉਥੇ ਹੁਣ ਇਹ ਕਰੀਬ 88 ਤੋਂ 90 ਡਾਲਰ ਦੇ ਦਰਮਿਆਨ ਰਹੀਆਂ ਹਨ। ਇਸ ਨਾਲ ਭਾਰਤੀ ਉਦਯੋਗਾਂ ਲਈ ਉਤਪਾਦਨ ਦੀ ਲਾਗਤ ਘਟਣ ਦੀ ਸੰਭਾਵਨਾ ਬਣੀ ਹੈ।
ਜੰਗੀ ਤਣਾਅ ਕਾਰਨ ਪਹਿਲਾਂ ਆਈ ਸੀ ਮੰਦੀ
ਜ਼ਿਕਰਯੋਗ ਹੈ ਕਿ ਮੱਧ ਪੂਰਬ ਵਿੱਚ ਤਣਾਅ ਵਧਣ ਤੋਂ ਬਾਅਦ ਦੁਨੀਆ ਭਰ ਦੇ ਬਾਜ਼ਾਰਾਂ ’ਤੇ ਨਕਾਰਾਤਮਕ ਪ੍ਰਭਾਵ ਪਿਆ ਸੀ। 28 ਫਰਵਰੀ ਨੂੰ ਅਮਰੀਕਾ ਅਤੇ ਇਸਰਾਈਲ ਵੱਲੋਂ ਇਰਾਨ ’ਤੇ ਕੀਤੇ ਹਮਲਿਆਂ ਤੋਂ ਬਾਅਦ ਖੇਤਰ ਵਿੱਚ ਟਕਰਾਅ ਸ਼ੁਰੂ ਹੋਇਆ, ਜਿਸ ਕਾਰਨ ਕਈ ਦਿਨਾਂ ਤੱਕ ਵਿਸ਼ਵ ਪੱਧਰ ’ਤੇ ਸ਼ੇਅਰ ਬਾਜ਼ਾਰਾਂ ਵਿੱਚ ਕਮਜ਼ੋਰੀ ਦੇਖੀ ਗਈ ਸੀ। ਹਾਲਾਂਕਿ ਪਿਛਲੇ ਦਿਨਾਂ ਵਿੱਚ ਬਾਜ਼ਾਰ ਹੌਲੀ-ਹੌਲੀ ਸੰਭਲਦੇ ਨਜ਼ਰ ਆ ਰਹੇ ਹਨ।

