ਚਮਕੌਰ ਸਾਹਿਬ :- ਸ੍ਰੀ ਚਮਕੌਰ ਸਾਹਿਬ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਬ-ਡਿਵੀਜ਼ਨਲ ਸਰਕਾਰੀ ਹਸਪਤਾਲ ਦਾ ਉਦਘਾਟਨ ਕੀਤਾ ਗਿਆ। ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਚਮਕੌਰ ਸਾਹਿਬ ਉਹ ਧਰਤੀ ਹੈ ਜਿੱਥੇ ਕੁਰਬਾਨੀਆਂ ਦੀ ਇਤਿਹਾਸਕ ਗਾਥਾ ਜੁੜੀ ਹੋਈ ਹੈ। ਇੱਥੇ ਕਿਸੇ ਵੀ ਚੀਜ਼ ਲਈ “ਮੰਗ ਪੱਤਰ” ਨਹੀਂ, ਸਗੋਂ “ਹੱਕ ਪੱਤਰ” ਮਿਲਣਾ ਚਾਹੀਦਾ ਹੈ।
ਮੰਗ ਨਹੀਂ, ਇਹ ਤੁਹਾਡਾ ਹੱਕ ਹੈ” – ਭਗਵੰਤ ਮਾਨ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਧਰਤੀ ਦਾ ਹਰ ਵਾਸੀ ਆਪਣੇ ਅਧਿਕਾਰਾਂ ਦਾ ਹੱਕਦਾਰ ਹੈ। ਉਨ੍ਹਾਂ ਨੇ ਵਿਧਾਇਕਾਂ ਅਤੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਹੁਣ ਤੋਂ “ਮੰਗ ਪੱਤਰ” ਨਹੀਂ, ਸਗੋਂ “ਹੱਕ ਪੱਤਰ” ਹੀ ਹੋਵੇਗਾ।
ਵਿਰੋਧੀਆਂ ‘ਤੇ ਕੀਤਾ ਤਿੱਖਾ ਹਮਲਾ
ਆਪਣੇ ਸੰਬੋਧਨ ਵਿੱਚ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਨੂੰ skਖੂਬ ਘੇਰਿਆ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੇ ਘਰ ਉਜਾੜੇ ਅਤੇ ਉਨ੍ਹਾਂ ਨੂੰ ਸਿਰਫ਼ ਤਕਲੀਫਾਂ ਦਿੱਤੀਆਂ। ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਜਨਤਾ ਨੇ ਇਸ ਲਈ ਚੁਣਿਆ ਕਿਉਂਕਿ ਉਹ ਵਿਰੋਧੀਆਂ ਦੀਆਂ ਨਾਕਾਮੀਆਂ ਤੋਂ ਤੰਗ ਆ ਚੁੱਕੇ ਸਨ।
ਪੰਜਾਬ ਵਿੱਚ 55 ਹਜ਼ਾਰ ਤੋਂ ਵੱਧ ਨੌਕਰੀਆਂ ਬਿਨਾਂ ਸਿਫਾਰਸ਼ ਦੇ – CM ਮਾਨ
ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਸੱਚੀ ਨੀਅਤ ਨਾਲ ਕੰਮ ਕਰਦੇ ਹੋਏ ਹੁਣ ਤੱਕ 55 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਹਨ। ਇਹ ਸਾਰੀਆਂ ਭਰਤੀਆਂ ਬਿਨਾਂ ਸਿਫਾਰਸ਼ ਤੇ ਬਿਨਾਂ ਪੈਸੇ ਦੇ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜੇ ਪੁਰਾਣੀਆਂ ਸਰਕਾਰਾਂ ਨੇ ਸਹੀ ਕੰਮ ਕੀਤਾ ਹੁੰਦਾ ਤਾਂ ਅੱਜ ਸਾਨੂੰ ਸੱਤਾ ਵਿੱਚ ਆਉਣ ਦੀ ਲੋੜ ਹੀ ਨਾ ਪੈਂਦੀ।
ਅਕਾਲੀ ਦਲ ਦੇ ਟੁੱਕੜੇ ਟੁੱਕੜੇ ਹੋਣ ‘ਤੇ ਤੰਜ
ਭਗਵੰਤ ਮਾਨ ਨੇ ਅਕਾਲੀ ਦਲ ਨੂੰ ਲੈ ਕੇ ਕਿਹਾ ਕਿ ਪਾਰਟੀ ਕਈ ਧੜਿਆਂ ਵਿੱਚ ਵੰਡ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਪੰਜਾਬ ਵਿੱਚ ਸਭ ਤੋਂ ਵੱਧ ਲੁੱਟ ਕੀਤੀ ਹੈ, ਪਰ ਲੋਕਾਂ ਨੇ ਹਿੰਮਤ ਕਰਕੇ ਉਨ੍ਹਾਂ ਤੋਂ ਰਾਹਤ ਪਾਈ। ਉਨ੍ਹਾਂ ਅਨੁਸਾਰ, ਵਿਰੋਧੀ ਹਮੇਸ਼ਾਂ ਕੁਰਸੀਆਂ ਦੀ ਰਾਜਨੀਤੀ ਕਰਦੇ ਰਹੇ ਹਨ, ਜਦਕਿ ਸਾਡੀ ਲੜਾਈ ਆਮ ਜਨਤਾ ਦੇ ਹੱਕਾਂ ਲਈ ਹੈ।
ਮਹਿਲਾਵਾਂ ਦੀ ਭੂਮਿਕਾ ਦੀ ਕੀਤੀ ਪ੍ਰਸ਼ੰਸਾ
ਇਕੱਠ ‘ਚ ਵੱਡੀ ਗਿਣਤੀ ਵਿੱਚ ਪਹੁੰਚੀਆਂ ਔਰਤਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਮਹਿਲਾਵਾਂ ਦੇ ਬਿਨਾਂ ਨਾ ਘਰ ਚੱਲ ਸਕਦੇ ਹਨ ਤੇ ਨਾ ਦੇਸ਼। ਉਨ੍ਹਾਂ ਨੇ ਕਿਹਾ ਕਿ ਔਰਤਾਂ ਨੂੰ ਹਰ ਸਮਾਜਕ ਤੇ ਰਾਜਨੀਤਿਕ ਗਤੀਵਿਧੀ ਵਿੱਚ ਸਰਗਰਮ ਭਾਗੀਦਾਰੀ ਕਰਨੀ ਚਾਹੀਦੀ ਹੈ।