ਲੁਧਿਆਣਾ :- ਲੁਧਿਆਣਾ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਣਪਛਾਤੇ ਵਿਅਕਤੀ ਵੱਲੋਂ ਈਮੇਲ ਰਾਹੀਂ ਰੇਲ ਗੱਡੀਆਂ ਨੂੰ ਬੰਬ ਨਾਲ ਉਡਾਉਣ ਦੀ ਚੇਤਾਵਨੀ ਭੇਜੀ ਗਈ। ਇਸ ਸੁਨੇਹੇ ਦੇ ਸਾਹਮਣੇ ਆਉਂਦੇ ਹੀ ਸੁਰੱਖਿਆ ਏਜੰਸੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਰੇਲਵੇ ਸਟੇਸ਼ਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਚੌਕਸੀ ਵਧਾ ਦਿੱਤੀ। ਪੁਲਿਸ ਅਤੇ ਹੋਰ ਏਜੰਸੀਆਂ ਵੱਲੋਂ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।
ਦੁਪਹਿਰ 3:11 ਵਜੇ ਦਾ ਦਿੱਤਾ ਗਿਆ ਸਮਾਂ
ਧਮਕੀ ਭੇਜਣ ਵਾਲੇ ਵਿਅਕਤੀ ਨੇ ਈਮੇਲ ਵਿੱਚ ਲਿਖਿਆ ਕਿ ਨਿਰਧਾਰਿਤ ਸਮੇਂ ਅਨੁਸਾਰ ਦੁਪਹਿਰ 3 ਵਜੇ 11 ਮਿੰਟ ‘ਤੇ ਟ੍ਰੇਨਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇਸ ਸੁਚਨਾ ਤੋਂ ਬਾਅਦ ਰੇਲਵੇ ਪੁਲਿਸ ਅਤੇ ਰੇਲ ਸੁਰੱਖਿਆ ਬਲ ਵੱਲੋਂ ਸਟੇਸ਼ਨ ‘ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਯਾਤਰੀਆਂ ਦੇ ਬੈਗਾਂ ਅਤੇ ਸਾਮਾਨ ਦੀ ਸਖ਼ਤੀ ਨਾਲ ਤਲਾਸ਼ੀ ਲਈ ਜਾ ਰਹੀ ਹੈ ਅਤੇ ਹਰ ਆਉਣ-ਜਾਣ ਵਾਲੇ ਵਿਅਕਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਮੁੱਖ ਮੰਤਰੀ ਖ਼ਿਲਾਫ਼ ਵੀ ਦਿੱਤੀ ਗਈ ਚੇਤਾਵਨੀ
ਈਮੇਲ ਵਿੱਚ ਸਿਰਫ਼ ਰੇਲ ਗੱਡੀਆਂ ਹੀ ਨਹੀਂ, ਸਗੋਂ ਸੂਬੇ ਦੇ ਮੁੱਖ ਮੰਤਰੀ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਲਿਖੀ ਗਈ ਦੱਸੀ ਜਾ ਰਹੀ ਹੈ। ਸੁਨੇਹੇ ਵਿੱਚ ਦਾਅਵਾ ਕੀਤਾ ਗਿਆ ਕਿ ਸੂਬੇ ਵਿੱਚ ਹੋ ਰਹੀਆਂ ਕੁਝ ਕਾਰਵਾਈਆਂ ਦਾ ਜਵਾਬ ਦਿੱਤਾ ਜਾਵੇਗਾ। ਇਸ ਚੇਤਾਵਨੀ ਤੋਂ ਬਾਅਦ ਖੁਫੀਆ ਏਜੰਸੀਆਂ ਅਤੇ ਸੁਰੱਖਿਆ ਦਸਤਿਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਟੇਸ਼ਨ ‘ਤੇ ਤਲਾਸ਼ੀ ਮੁਹਿੰਮ ਤੇਜ਼
ਪੁਲਿਸ ਵੱਲੋਂ ਰੇਲਵੇ ਸਟੇਸ਼ਨ ‘ਤੇ ਡੌਗ ਸਕੁਐਡ ਅਤੇ ਬੰਬ ਨਿਰੋਧਕ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਪੂਰੇ ਇਲਾਕੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਕਿਸੇ ਵੀ ਸੰਭਾਵਿਤ ਖ਼ਤਰੇ ਨੂੰ ਪਹਿਲਾਂ ਹੀ ਟਾਲਿਆ ਜਾ ਸਕੇ।
ਈਮੇਲ ਦੇ ਸਰੋਤ ਦੀ ਜਾਂਚ ਜਾਰੀ
ਇਸਦੇ ਨਾਲ ਹੀ ਸਾਈਬਰ ਮਾਹਿਰਾਂ ਦੀ ਟੀਮ ਈਮੇਲ ਦੇ ਸਰੋਤ ਦੀ ਪੜਤਾਲ ਕਰ ਰਹੀ ਹੈ। ਤਕਨੀਕੀ ਮਦਦ ਨਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਸੰਦੇਸ਼ ਕਿੱਥੋਂ ਅਤੇ ਕਿਸ ਨੇ ਭੇਜਿਆ ਹੈ।
ਸੁਰੱਖਿਆ ਵਧਾਈ, ਲੋਕਾਂ ਨੂੰ ਰਹਿਣ ਦੀ ਅਪੀਲ ਸਚੇਤ
ਮਾਮਲੇ ਨੂੰ ਦੇਖਦਿਆਂ ਮੁੱਖ ਮੰਤਰੀ ਦੀ ਸੁਰੱਖਿਆ ਵੀ ਹੋਰ ਮਜ਼ਬੂਤ ਕੀਤੀ ਗਈ ਹੈ ਅਤੇ ਲੁਧਿਆਣਾ ਦੇ ਆਲੇ-ਦੁਆਲੇ ਨਾਕਾਬੰਦੀ ਵਧਾ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਦੀ ਬਜਾਏ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕੀ ਚੀਜ਼ ਜਾਂ ਵਿਅਕਤੀ ਬਾਰੇ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਣ।

