ਚੰਡੀਗੜ੍ਹ :- ਕਈ ਵਾਰ ਕਿਸਮਤ ਇਨਸਾਨ ਦੀ ਜ਼ਿੰਦਗੀ ਇਕ ਪਲ ਵਿੱਚ ਬਦਲ ਦਿੰਦੀ ਹੈ। ਅਜਿਹਾ ਹੀ ਇੱਕ ਹੈਰਾਨੀਜਨਕ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਹਰਿਆਣਾ ਦੇ ਰਾਇਪੁਰ ਰਾਣੀ ਨੇੜਲੇ ਪਿੰਡ ਮੌਲੀ ਦੇ ਰਹਿਣ ਵਾਲੇ ਕਪਿਲ ਦੇਵ ਦੀ ਜ਼ਿੰਦਗੀ ਇੱਕ ਲਾਟਰੀ ਟਿਕਟ ਨੇ ਬਦਲ ਕੇ ਰੱਖ ਦਿੱਤੀ। ਪੇਸ਼ੇ ਨਾਲ ਸਿਕਿਉਰਿਟੀ ਗਾਰਡ ਵਜੋਂ ਕੰਮ ਕਰਨ ਵਾਲੇ ਕਪਿਲ ਦੇਵ ਨੇ ਪੰਜਾਬ ਸਟੇਟ ਡੀਅਰ ਮੰਥਲੀ ਲਾਟਰੀ ਦਾ ਪਹਿਲਾ ਇਨਾਮ ਜਿੱਤ ਕੇ ਡੇਢ ਕਰੋੜ ਰੁਪਏ ਹਾਸਲ ਕਰ ਲਏ ਹਨ ਅਤੇ ਰਾਤੋਂ-ਰਾਤ ਕਰੋੜਪਤੀ ਬਣ ਗਏ ਹਨ।
₹200 ਦੀ ਟਿਕਟ ਨੇ ਦਿੱਤਾ ਡੇਢ ਕਰੋੜ ਦਾ ਇਨਾਮ
ਮਿਲੀ ਜਾਣਕਾਰੀ ਅਨੁਸਾਰ ਕਪਿਲ ਦੇਵ ਨੇ ਜ਼ੀਰਕਪੁਰ ਦੀ ਇਕ ਲਾਟਰੀ ਏਜੰਸੀ ਤੋਂ ਕੇਵਲ 200 ਰੁਪਏ ਦੀ ਟਿਕਟ ਖਰੀਦੀ ਸੀ। ਜਦੋਂ ਲਾਟਰੀ ਦੇ ਨਤੀਜੇ ਐਲਾਨੇ ਗਏ ਤਾਂ ਉਸ ਟਿਕਟ ‘ਤੇ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲ ਆਇਆ। ਇਹ ਖ਼ਬਰ ਮਿਲਦਿਆਂ ਹੀ ਕਪਿਲ ਦੇਵ ਅਤੇ ਉਨ੍ਹਾਂ ਦੇ ਪਰਿਵਾਰ ਲਈ ਇਹ ਪਲ ਅਚੰਭੇ ਅਤੇ ਖੁਸ਼ੀ ਨਾਲ ਭਰਿਆ ਹੋਇਆ ਸੀ।
ਸਾਦੇ ਪਰਿਵਾਰ ਨਾਲ ਸਬੰਧ ਰੱਖਦਾ ਹੈ ਜੇਤੂ
ਕਪਿਲ ਦੇਵ ਇਕ ਮਿਹਨਤੀ ਅਤੇ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਹ ਤਿੰਨ ਬੱਚਿਆਂ ਦੇ ਪਿਤਾ ਹਨ ਅਤੇ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਕੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਸਨ। ਉਨ੍ਹਾਂ ਦੇ ਪਿਤਾ ਪੰਜਾਬ ਖੇਤੀਬਾੜੀ ਵਿਭਾਗ ਤੋਂ ਸੇਵਾਮੁਕਤ ਕਰਮਚਾਰੀ ਹਨ। ਸੀਮਿਤ ਆਮਦਨ ਦੇ ਬਾਵਜੂਦ ਕਪਿਲ ਦੇਵ ਆਪਣੀ ਮਿਹਨਤ ਨਾਲ ਪਰਿਵਾਰ ਦੀ ਪਰਵਿਰਸ਼ ਕਰ ਰਹੇ ਸਨ ਅਤੇ ਹੁਣ ਇਸ ਵੱਡੀ ਜਿੱਤ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਨਵੀਂ ਆਸ ਅਤੇ ਖੁਸ਼ਹਾਲੀ ਲਿਆਈ ਹੈ।
ਲਾਟਰੀ ਏਜੰਸੀ ਲਈ ਵੀ ਬਣਿਆ ਮਾਣ ਦਾ ਮੌਕਾ
ਇਸ ਸਬੰਧੀ ਲਾਟਰੀ ਏਜੰਸੀ ਦੇ ਮਾਲਕ ਲੋਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਏਜੰਸੀ ਤੋਂ ਲਾਟਰੀ ਖਰੀਦ ਕੇ ਵੱਡਾ ਇਨਾਮ ਜਿੱਤਣ ਵਾਲੇ ਕਪਿਲ ਦੇਵ ਲਗਭਗ 30ਵੇਂ ਵਿਅਕਤੀ ਹਨ। ਉਨ੍ਹਾਂ ਦੇ ਮੁਤਾਬਕ ਇਸ ਤੋਂ ਪਹਿਲਾਂ ਵੀ ਕਈ ਲੋਕ ਇੱਥੋਂ ਟਿਕਟ ਲੈ ਕੇ ਵੱਡੇ ਇਨਾਮ ਜਿੱਤ ਚੁੱਕੇ ਹਨ, ਜਿਸ ਕਾਰਨ ਇਹ ਏਜੰਸੀ ਇਲਾਕੇ ਵਿੱਚ ਚਰਚਾ ਦਾ ਕੇਂਦਰ ਬਣੀ ਰਹਿੰਦੀ ਹੈ।
ਪਿੰਡ ਵਿੱਚ ਖੁਸ਼ੀ ਦਾ ਮਾਹੌਲ
ਜਿਵੇਂ ਹੀ ਕਪਿਲ ਦੇਵ ਦੀ ਜਿੱਤ ਦੀ ਖ਼ਬਰ ਪਿੰਡ ਮੌਲੀ ਤੱਕ ਪਹੁੰਚੀ, ਉਥੇ ਖੁਸ਼ੀ ਦਾ ਮਾਹੌਲ ਬਣ ਗਿਆ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਲੋਕ ਇਸ ਘਟਨਾ ਨੂੰ ਇਸ ਗੱਲ ਦੀ ਮਿਸਾਲ ਵਜੋਂ ਵੇਖ ਰਹੇ ਹਨ ਕਿ ਮਿਹਨਤ ਕਰਨ ਵਾਲੇ ਮਨੁੱਖ ਦੀ ਕਿਸਮਤ ਕਦੇ ਨਾ ਕਦੇ ਜ਼ਰੂਰ ਚਮਕਦੀ ਹੈ।

