ਚੰਡੀਗੜ੍ਹ :- ਪੰਜਾਬ ਦੇ ਸੋਸ਼ਲ ਐਕਟਿਵਿਸਟ ਡਾ. ਪੰਡਿਤਰਾਵ ਧਰੇਨਾਵਰ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਆਉਣ ਵਾਲੇ ਫ਼ਿਲਮਫੇਅਰ ਪੰਜਾਬ ਐਵਾਰਡਜ਼ ‘ਚ ਰੈਪਰ ਯੋ ਯੋ ਹਨੀ ਸਿੰਘ ਨੂੰ ਅਜਿਹੇ ਗੀਤ ਗਾਉਣ ਤੋਂ ਰੋਕਿਆ ਜਾਵੇ, ਜੋ ਨਸ਼ਿਆਂ, ਸ਼ਰਾਬ, ਹਿੰਸਾ ਅਤੇ ਅਸ਼ਲੀਲਤਾ ਨੂੰ ਵਧਾਵਾ ਦਿੰਦੇ ਹਨ। ਇਹ ਸਮਾਗਮ 23 ਅਗਸਤ 2025 ਨੂੰ ਮੋਹਾਲੀ ਦੇ ਆਈ.ਐੱਸ. ਬਿੰਦਰਾ ਸਟੇਡੀਅਮ ‘ਚ ਕਰਵਾਇਆ ਜਾਵੇਗਾ।
ਡਾ. ਧਰੇਨਾਵਰ ਨੇ ਕਿਹਾ ਕਿ ਆਯੋਜਕਾਂ ਵੱਲੋਂ 20 ਅਗਸਤ ਤੱਕ ਹਲਫਨਾਮਾ ਦਿਤਾ ਜਾਵੇ, ਜਿਸ ਵਿੱਚ ਇਹ ਯਕੀਨੀ ਬਣਾਇਆ ਜਾਵੇ ਕਿ ਸਮਾਗਮ ਦੌਰਾਨ ਕੋਈ ਵੀ ਹਾਣੀਕਾਰਕ ਜਾਂ ਅਣਉਚਿਤ ਗੀਤ ਨਹੀਂ ਗਾਇਆ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਐਫਿਡੇਵਿਟ ਨਾ ਦਿੱਤਾ ਗਿਆ ਤਾਂ ਉਹ ਮਾਣਹਾਨੀ ਪਟੀਸ਼ਨ ਫਾਈਲ ਕਰਨਗੇ।
ਹਨੀ ਸਿੰਘ ਦੇ ਗੀਤਾਂ ‘ਤੇ ਇਤਰਾਜ਼
ਸੋਸ਼ਲ ਐਕਟਿਵਿਸਟ ਨੇ ਹਨੀ ਸਿੰਘ ਦੇ ਕਈ ਮਸ਼ਹੂਰ ਗੀਤਾਂ — ਜਿਵੇਂ ਚਾਰ ਬੋਤਲ ਵੋਡਕਾ, ਮਨਾਲੀ ਟ੍ਰਾਂਸ, ਬ੍ਰੇਕਅੱਪ ਪਾਰਟੀ, ਵਨ ਬੋਤਲ ਡਾਊਨ, ਮੈਂ ਸ਼ਰਾਬੀ, ਮਖਨਾ ਅਤੇ ਮਿਲੀਅਨੇਅਰ — ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਗੀਤ ਨਸ਼ੇ ਦੀ ਵਰਤੋਂ ਨੂੰ ਵਧਾਵਾ ਦਿੰਦੇ ਹਨ, ਮਹਿਲਾਵਾਂ ਦੀ ਬੇਇਜ਼ਤੀ ਕਰਦੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਗਲਤ ਦਿਸ਼ਾ ਵੱਲ ਧੱਕਦੇ ਹਨ।
ਪਹਿਲਾਂ ਵੀ ਆ ਚੁੱਕੇ ਹਨ ਨੋਟਿਸ
ਡਾ. ਧਰੇਨਾਵਰ ਨੇ ਯਾਦ ਦਿਵਾਇਆ ਕਿ ਪਹਿਲਾਂ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਹਨੀ ਸਿੰਘ ਨੂੰ ਮਿਲੀਅਨੇਅਰ ਗੀਤ ‘ਤੇ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਉਹ ਅਜੇ ਤੱਕ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਗੀਤ ਸਮਾਜ ਵਿੱਚ ਨਸ਼ੇ ਦੀ ਆਦਤ, ਅਪਰਾਧ ਅਤੇ ਹੋਰ ਬੁਰਾਈਆਂ ਵਧਾਉਂਦੇ ਹਨ।
ਹਾਈਕੋਰਟ ਦੇ ਪੁਰਾਣੇ ਫ਼ੈਸਲੇ ਦਾ ਹਵਾਲਾ
ਸੋਸ਼ਲ ਐਕਟਿਵਿਸਟ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਉਸ ਪੁਰਾਣੇ ਫ਼ੈਸਲੇ ਦਾ ਹਵਾਲਾ ਵੀ ਦਿੱਤਾ ਜਿਸ ਵਿੱਚ ਅਦਾਲਤ ਨੇ ਕਿਹਾ ਸੀ ਕਿ ਨਸ਼ਿਆਂ, ਸ਼ਰਾਬ ਅਤੇ ਹਿੰਸਾ ਨੂੰ ਪ੍ਰਮੋਟ ਕਰਨ ਵਾਲੇ ਗੀਤ ਨੌਜਵਾਨਾਂ ਦੇ ਮਨ ‘ਤੇ ਨਕਾਰਾਤਮਕ ਅਸਰ ਪਾਂਦੇ ਹਨ। ਹਾਈਕੋਰਟ ਵੱਲੋਂ ਤਿੰਨੋਂ ਰਾਜਾਂ ਅਤੇ ਚੰਡੀਗੜ੍ਹ ਦੇ ਡੀ.ਜੀ.ਪੀ. ਨੂੰ ਅਜਿਹੇ ਗੀਤਾਂ ਦੀ ਲਾਈਵ ਪਰਫਾਰਮੈਂਸ ‘ਤੇ ਰੋਕ ਲਗਾਉਣ ਲਈ ਕਿਹਾ ਗਿਆ ਸੀ।
ਪ੍ਰਸ਼ਾਸਨ ਵੱਲੋਂ ਲਿਖਤੀ ਗਰੰਟੀ ਦੀ ਮੰਗ
ਡਾ. ਧਰੇਨਾਵਰ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਆਯੋਜਕਾਂ ਤੋਂ ਲਿਖਤੀ ਐਫਿਡੇਵਿਟ ਲਵੇ, ਜਿਸ ਵਿੱਚ ਇਹ ਗਰੰਟੀ ਦਿੱਤੀ ਜਾਵੇ ਕਿ ਸਮਾਗਮ ਦੌਰਾਨ ਕੋਈ ਵੀ ਨਸ਼ੇ, ਹਿੰਸਾ ਜਾਂ ਅਸ਼ਲੀਲਤਾ ਨੂੰ ਵਧਾਵਾ ਦੇਣ ਵਾਲਾ ਗੀਤ ਨਹੀਂ ਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਐਫਿਡੇਵਿਟ ਦੀ ਇੱਕ ਕਾਪੀ ਉਨ੍ਹਾਂ ਨੂੰ ਵੀ ਦਿੱਤੀ ਜਾਵੇ ਤਾਂ ਜੋ ਨਿਯਮਾਂ ਦੀ ਉਲੰਘਣਾ ਹੋਣ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।