ਨਵੀਂ ਦਿੱਲੀ :- ਇੰਗਲੈਂਡ ਦੇ ਵਾਲਪਰਹੈਂਪਟਨ ਵਿੱਚ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਵਿੱਚ ਭਾਰਤੀ ਮੂਲ ਦੇ ਚਾਰ ਲੋਕਾਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ੁੱਕਰਵਾਰ ਸਵੇਰੇ 6 ਵਜੇ ਬਿਲਸਟਨ ਦੇ ਆਰਬਰ ਡਰਾਈਵ ‘ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਲੋਕਾਂ ਵਿਚਾਲੇ ਲੜਾਈ ਦੀ ਰਿਪੋਰਟ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ।
ਇਸ ਹਮਲੇ ‘ਚ ਤਿੰਨ ਲੋਕ ਗੰਭੀਰ ਜ਼ਖਮੀ ਹੋਏ, ਜਦਕਿ ਇੱਕ ਕਾਰ ਪੂਰੀ ਤਰ੍ਹਾਂ ਖੂਨ ਨਾਲ ਲੱਥਪੱਥ ਮਿਲੀ।
ਛੇ ਗ੍ਰਿਫ਼ਤਾਰ, ਚਾਰ ਰਿਮਾਂਡ ‘ਚ
ਪੁਲਿਸ ਅਨੁਸਾਰ, ਇਸ ਮਾਮਲੇ ਵਿੱਚ ਕੁੱਲ ਛੇ ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਤਿੰਨ ਨੂੰ ਸੁੰਘਣ ਵਾਲੇ ਕੁੱਤਿਆਂ ਦੀ ਮਦਦ ਨਾਲ ਕਾਬੂ ਕੀਤਾ ਗਿਆ। ਦੋ ਲੋਕਾਂ ਨੂੰ ਜ਼ਮਾਨਤ ਮਿਲ ਗਈ ਹੈ, ਜਦਕਿ ਚਾਰਾਂ ਨੂੰ ਪੁਲਿਸ ਹਿਰਾਸਤ ਵਿੱਚ ਰੱਖ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਹਰਦੀਪ ਸਿੰਘ (28), ਹਰਪ੍ਰੀਤ ਸਿੰਘ (25), ਮੁਕੇਸ਼ ਕੁਮਾਰ (30) ਅਤੇ ਲਖਵਿੰਦਰ ਸਿੰਘ (26) ਵਜੋਂ ਹੋਈ ਹੈ। ਇਨ੍ਹਾਂ ਨੂੰ ਐਤਵਾਰ ਨੂੰ ਵਾਲਪਰਹੈਂਪਟਨ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਹਮਲੇ ਦੀ ਵੀਡੀਓ ਸਾਹਮਣੇ
ਪੁਲਿਸ ਦੇ ਹੱਥ ਇੱਕ ਵੀਡੀਓ ਵੀ ਲੱਗੀ ਹੈ, ਜਿਸ ਵਿੱਚ ਛੇ ਨਕਾਬਪੋਸ਼ ਵਿਅਕਤੀ ਕਾਲੀ ਹੁੱਡੀ ਪਹਿਨੇ ਚਿੱਟੀ ਕਾਰ ਦੇ ਨੇੜੇ ਆ ਕੇ ਹਮਲਾ ਕਰਦੇ ਦਿੱਖ ਰਹੇ ਹਨ। ਵੀਡੀਓ ਵਿੱਚ ਉਹ ਕਾਰ ਦੇ ਦਰਵਾਜ਼ੇ ਤੇ ਖਿੜਕੀਆਂ ਤੋੜਦੇ ਹਨ ਅਤੇ ਤਿੰਨ ਲੋਕਾਂ ਨੂੰ ਬਾਹਰ ਕੱਢ ਕੇ ਬੇਰਹਮੀ ਨਾਲ ਕੁੱਟਦੇ ਹਨ।
ਯੋਜਨਾਬੱਧ ਹਮਲੇ ਦੀ ਪੁਸ਼ਟੀ
ਇੱਕ ਪੁਲਿਸ ਅਧਿਕਾਰੀ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਵੱਖ-ਵੱਖ ਟੀਮਾਂ ਨੇ ਮਿਲ ਕੇ ਕੰਮ ਕੀਤਾ, ਜਿਸ ਨਾਲ ਅਪਰਾਧੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨਾ ਸੰਭਵ ਹੋਇਆ। ਹੁਣ ਤੱਕ ਦੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਇੱਕ ਯੋਜਨਾਬੱਧ ਹਮਲਾ ਸੀ ਅਤੇ ਪੀੜਤਾਂ ਨੂੰ ਪੁਰਾਣੀ ਰੰਜਿਸ਼ ਕਾਰਨ ਨਿਸ਼ਾਨਾ ਬਣਾਇਆ ਗਿਆ।