ਅਜਨਾਲਾ :- ਅਜਨਾਲਾ ਦੇ ਪਿੰਡ ਗੱਗੋਮਾਹਲ ਵਿਖੇ ਇੱਕ ਨੌਜਵਾਨ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨੌਜਵਾਨ ਵੱਲੋਂ ਆਪਣੀ ਪ੍ਰੇਮਿਕਾ ਨੂੰ ਪੀਜ਼ਾ ਖਵਾਉਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ, ਪਰ ਲੜਕੀ ਦੇ ਭਰਾਵਾਂ ਨੇ ਉਸ ਨਾਲ ਕੁੱਟਮਾਰ ਕਰ ਦਿੱਤੀ। ਜਖ਼ਮੀ ਹਾਲਤ ਵਿੱਚ ਨੌਜਵਾਨ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਪੀੜਤ ਦਾ ਬਿਆਨ
ਜਖ਼ਮੀ ਸੁਰਜੀਤ ਸਿੰਘ ਵਾਸੀ ਗੱਗੋਮਾਹਲ ਨੇ ਦੱਸਿਆ ਕਿ ਲੜਕੀ ਪਹਿਲਾਂ ਆਪਣੀ ਮਰਜ਼ੀ ਨਾਲ ਮੇਰੇ ਨਾਲ ਘੁੰਮਣ ਲਈ ਆਈ ਸੀ, ਪਰ ਬਾਅਦ ‘ਚ ਉਹ ਮੁੱਕਰ ਗਈ। ਹੁਣ ਉਹ ਮੇਰੇ ਉੱਤੇ ਅਗਵਾਹ ਕਰਨ ਤੇ ਪਿਸਤੌਲ ਰੱਖਣ ਦੇ ਝੂਠੇ ਦੋਸ਼ ਲਾ ਰਹੀ ਹੈ। ਮੇਰੇ ਕੋਲ ਸਾਰੇ ਸਬੂਤ ਹਨ ਕਿ ਉਹ ਆਪਣੀ ਮਰਜ਼ੀ ਨਾਲ ਮੇਰੇ ਨਾਲ ਗਈ ਸੀ।
ਸੁਰਜੀਤ ਨੇ ਅੱਗੇ ਦੱਸਿਆ ਕਿ ਉਹਨਾਂ ਦਾ ਲੜਕੀ ਨਾਲ ਪ੍ਰੇਮ ਸੰਬੰਧ ਸੀ ਅਤੇ ਦੋਵਾਂ ਨੇ ਮਿਲ ਕੇ ਫਤਹਿਗੜ੍ਹ ਚੂੜੀਆਂ ਜਾਣ ਦਾ ਪ੍ਰੋਗਰਾਮ ਬਣਾਇਆ ਸੀ। ਉਸਨੇ ਦਾਅਵਾ ਕੀਤਾ ਕਿ ਲੜਕੀ ਦੇ ਭਰਾ ਉਸਦਾ ਪਿੱਛਾ ਕਰਦੇ ਹੋਏ ਆ ਗਏ ਅਤੇ ਗੱਡੀ ਦਾ ਟਾਇਰ ਪਾੜ ਕੇ ਉਸਦੀ ਡਾਂਗਾਂ-ਸੋਟੀਆਂ ਨਾਲ ਕੁੱਟਮਾਰ ਕੀਤੀ।
ਪੁਲਸ ਦੇ ਬਿਆਣ
ਇਸ ਮਾਮਲੇ ‘ਚ ਥਾਣਾ ਮੁੱਖੀ ਅਜਨਾਲਾ ਨੇ ਕਿਹਾ ਕਿ ਲੜਕਾ ਪਿੰਡ ਗੱਗੋਮਾਹਲ ਦਾ ਰਹਿਣ ਵਾਲਾ ਹੈ ਅਤੇ ਢੋਲ ਵਜਾਉਣ ਦਾ ਕੰਮ ਕਰਦਾ ਹੈ। ਸੁਰਜੀਤ ਲੜਕੀ ਨੂੰ ਮਿਲਣ ਉਸਦੇ ਪਿੰਡ ਅਵਾਨ ਵਸਾਓ ਗਿਆ ਸੀ। ਇਥੇ ਗੱਡੀ ਵਿੱਚ ਉਸਦੇ ਸਾਥੀਆਂ ਵੱਲੋਂ ਲੜਕੀ ਨਾਲ ਗਲਤ ਹਰਕਤਾਂ ਕੀਤੀਆਂ ਗਈਆਂ। ਲੜਕੀ ਦੇ ਵਿਰੋਧ ਕਰਨ ‘ਤੇ ਪਰਿਵਾਰ ਤੇ ਲੋਕਾਂ ਨੇ ਸੁਰਜੀਤ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ।
ਪੁਲਿਸ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ।