ਮੋਗਾ :- ਮੋਗਾ ਜ਼ਿਲ੍ਹੇ ਦੇ ਪਿੰਡ ਪੱਤੋ ਹੀਰਾ ਸਿੰਘ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਮੌਜੂਦਾ ਸਰਪੰਚ ਹਰਵਿੰਦਰ ਸਿੰਘ ਹੈਪੀ ‘ਤੇ ਅਣਪਛਾਤੇ ਕਾਰ ਸਵਾਰ ਹਮਲਾਵਰਾਂ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਮਿਲੀ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਲਗਾਤਾਰ 7 ਤੋਂ 8 ਰਾਊਂਡ ਫਾਇਰ ਕੀਤੇ, ਜਿਸ ਨਾਲ ਪਿੰਡ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਗੋਲੀਆਂ ਲੱਗਣ ਨਾਲ ਸਰਪੰਚ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।
ਹਸਪਤਾਲ ਲਿਜਾਣ ਮਗਰੋਂ ਤੋੜਿਆ ਦਮ
ਘਟਨਾ ਤੋਂ ਤੁਰੰਤ ਬਾਅਦ ਜਖਮੀ ਸਰਪੰਚ ਹਰਵਿੰਦਰ ਸਿੰਘ ਹੈਪੀ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਗੰਭੀਰ ਚੋਟਾਂ ਕਾਰਨ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਘਟਨਾ ਦੀ ਖ਼ਬਰ ਫੈਲਦੇ ਹੀ ਪਿੰਡ ਵਿੱਚ ਸੋਗ ਅਤੇ ਤਣਾਅ ਦਾ ਮਾਹੌਲ ਬਣ ਗਿਆ।
ਪੁਲਿਸ ਵੱਲੋਂ ਜਾਂਚ ਸ਼ੁਰੂ, ਕਈ ਟੀਮਾਂ ਬਣਾਈਆਂ
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ। ਮੋਗਾ ਦੇ ਐਸਐਸਪੀ ਅਜੇ ਗਾਂਧੀ ਨੇ ਦੱਸਿਆ ਕਿ ਮਾਮਲਾ ਪ੍ਰਾਰੰਭਿਕ ਤੌਰ ‘ਤੇ ਆਪਸੀ ਰੰਜਿਸ਼ ਨਾਲ ਜੁੜਿਆ ਹੋਇਆ ਦਿਖਾਈ ਦੇ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਪੰਚ ਹਰਵਿੰਦਰ ਸਿੰਘ ਹੈਪੀ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਹੇਠ ਲਗਭਗ 10 ਤੋਂ 12 ਮਾਮਲੇ ਦਰਜ ਹੋਏ ਸਨ।
ਹਮਲਾਵਰਾਂ ਦੀ ਤਲਾਸ਼ ਜਾਰੀ
ਪੁਲਿਸ ਵੱਲੋਂ ਇਸ ਹਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਪਛਾਣ ਲਈ ਵੱਖ-ਵੱਖ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਦੀ ਗ੍ਰਿਫ਼ਤਾਰੀ ਲਈ ਇਲਾਕੇ ਵਿੱਚ ਛਾਪੇਮਾਰੀ ਜਾਰੀ ਹੈ ਅਤੇ ਮਾਮਲੇ ਦੇ ਹਰ ਪੱਖ ਨੂੰ ਧਿਆਨ ਵਿੱਚ ਰੱਖ ਕੇ ਤਫ਼ਤੀਸ਼ ਅੱਗੇ ਵਧਾਈ ਜਾ ਰਹੀ ਹੈ।

