ਕੈਨੇਡਾ :- ਕੈਨੇਡਾ ਦੇ ਓਨਟਾਰੀਓ ਸੂਬੇ ਦੇ ਲਾਸਾਲੇ ਖੇਤਰ ਵਿੱਚ ਰਹਿੰਦੀ ਜਲੰਧਰ ਜਨਮੀ ਸੋਸ਼ਲ ਮੀਡੀਆ ਇੰਫਲੂਐਂਸਰ ਨੈਨਸੀ ਗਰੇਵਾਲ ਦੀ ਉਸਦੇ ਘਰ ਅੰਦਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ 45 ਸਾਲਾ ਨੈਨਸੀ ‘ਤੇ ਮੰਗਲਵਾਰ ਰਾਤ ਕਰੀਬ ਸਾਢੇ ਨੌ ਵਜੇ ਹਮਲਾ ਕੀਤਾ ਗਿਆ। ਹਮਲੇ ਦੌਰਾਨ ਉਸਨੂੰ ਗੰਭੀਰ ਚੋਟਾਂ ਲੱਗੀਆਂ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਗਈ।
ਮਾਂ ਨੇ ਮੀਡੀਆ ਸਾਹਮਣੇ ਲਗਾਏ ਗੰਭੀਰ ਦੋਸ਼
ਇਸ ਦੁਖਦਾਈ ਘਟਨਾ ਤੋਂ ਬਾਅਦ ਨੈਨਸੀ ਦੀ ਮਾਂ ਤੇਜਿੰਦਰ ਕੌਰ ਮੀਡੀਆ ਸਾਹਮਣੇ ਆਈ ਅਤੇ ਉਸਨੇ ਦਾਅਵਾ ਕੀਤਾ ਕਿ ਉਸਦੀ ਧੀ ਨੂੰ ਕੁਝ ਵੈਰੀਆਂ ਨੇ ਨਿਸ਼ਾਨਾ ਬਣਾਇਆ ਹੈ। ਮਾਂ ਦੇ ਮੁਤਾਬਕ ਨੈਨਸੀ ਦੀ ਸਿੱਧੀ ਸੁਭਾਅ ਅਤੇ ਸਮਾਜਿਕ ਕੰਮਾਂ ਕਾਰਨ ਕੁਝ ਲੋਕ ਉਸ ਨਾਲ ਰੰਜਿਸ਼ ਰੱਖਦੇ ਸਨ। ਉਸਨੇ ਇਹ ਵੀ ਕਿਹਾ ਕਿ ਕੁਝ ਲੋਕ ਉਸਦੀ ਧੀ ਤੋਂ ਮਾਫ਼ੀ ਮੰਗਵਾਉਣ ਲਈ ਦਬਾਅ ਬਣਾਉਂਦੇ ਰਹੇ।
ਗੁਰਦੁਆਰਾ ਸਾਹਿਬ ਵਿੱਚ ਲੁਕੇ ਹੋਣ ਦੇ ਦੋਸ਼
ਤੇਜਿੰਦਰ ਕੌਰ ਨੇ ਦੋਸ਼ ਲਗਾਇਆ ਕਿ ਨੈਨਸੀ ਦੇ ਵਿਰੋਧੀ ਕੁਝ ਲੋਕ ਗੁਰਦੁਆਰਾ ਸਾਹਿਬ ਵਿੱਚ ਓਟ ਲੈ ਕੇ ਬੈਠੇ ਹੋਏ ਸਨ ਅਤੇ ਮੌਕਾ ਮਿਲਣ ‘ਤੇ ਉਸਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹੇ। ਉਸਦੇ ਮੁਤਾਬਕ ਨੈਨਸੀ ਹਮੇਸ਼ਾ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਦੀ ਸੀ ਅਤੇ ਉਹ ਇੱਕ ਐਸੀ ਔਰਤ ਸੀ ਜੋ ਹਮੇਸ਼ਾ ਸੱਚ ਅਤੇ ਇਨਸਾਫ਼ ਦੇ ਰਾਹ ‘ਤੇ ਚੱਲਣ ਦੀ ਕੋਸ਼ਿਸ਼ ਕਰਦੀ ਰਹੀ।
ਪਹਿਲਾਂ ਵੀ ਹੋ ਚੁੱਕੇ ਸਨ ਹਮਲੇ ਦੇ ਯਤਨ
ਮਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਨੈਨਸੀ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਹੋਈ ਸੀ ਅਤੇ ਇੱਕ ਵਾਰ ਉਸਦੇ ਘਰ ਨੂੰ ਅੱਗ ਲਗਾਉਣ ਦੀ ਘਟਨਾ ਵੀ ਵਾਪਰੀ ਸੀ, ਪਰ ਉਹ ਉਸ ਵੇਲੇ ਬਚ ਗਈ ਸੀ। ਉਸਦੇ ਮੁਤਾਬਕ ਹਾਲ ਹੀ ਵਿੱਚ ਇੱਕ ਅਣਪਛਾਤਾ ਵਿਅਕਤੀ ਮੂੰਹ ਢੱਕ ਕੇ ਉਸਦੇ ਘਰ ਦੇ ਨੇੜੇ ਆਇਆ ਸੀ ਅਤੇ ਰੇਕੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਸੀਸੀਟੀਵੀ ਕੈਮਰਿਆਂ ਨੂੰ ਵੇਖ ਕੇ ਉੱਥੋਂ ਭੱਜ ਗਿਆ।
2018 ਵਿੱਚ ਕੈਨੇਡਾ ਗਈ ਸੀ ਨੈਨਸੀ ਗਰੇਵਾਲ
ਪਰਿਵਾਰਕ ਜਾਣਕਾਰੀ ਅਨੁਸਾਰ ਨੈਨਸੀ 2018 ਵਿੱਚ ਕੈਨੇਡਾ ਗਈ ਸੀ, ਜਿੱਥੇ ਉਸਨੇ ਨਰਸਿੰਗ ਨਾਲ ਸੰਬੰਧਤ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ ਉਹ ਸਵੇਰੇ ਇੱਕ ਨਿੱਜੀ ਕੰਪਨੀ ਵਿੱਚ ਅਤੇ ਸ਼ਾਮ ਨੂੰ ਇੱਕ ਹੋਰ ਸੰਸਥਾ ਵਿੱਚ ਕੰਮ ਕਰਦੀ ਸੀ। ਮਾਂ ਨੇ ਦੱਸਿਆ ਕਿ ਉਸਦੀ ਧੀ ਨਾਲ ਆਖਰੀ ਵਾਰ 2 ਤਰੀਕ ਨੂੰ ਫ਼ੋਨ ‘ਤੇ ਗੱਲਬਾਤ ਹੋਈ ਸੀ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਦੂਜੇ ਪਾਸੇ ਸਥਾਨਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲੇ ਦੇ ਕਾਰਣਾਂ ਅਤੇ ਸੰਭਾਵਿਤ ਸ਼ੱਕੀ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਵੱਲੋਂ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਪਿੱਛੇ ਸ਼ਾਮਲ ਲੋਕਾਂ ਦੀ ਪਛਾਣ ਕੀਤੀ ਜਾ ਸਕੇ।

