ਚੰਡੀਗੜ੍ਹ :- ਈਰਾਨ–ਇਜ਼ਰਾਈਲ ਟਕਰਾਅ ਕਾਰਨ ਬਣੇ ਅਸਥਿਰ ਮਾਹੌਲ ਵਿਚਕਾਰ ਹਵਾਈ ਯਾਤਰੀਆਂ ਲਈ ਕੁਝ ਸੁਖਦ ਸੰਕੇਤ ਮਿਲੇ ਹਨ। ਏਅਰ ਇੰਡੀਆ ਨੇ ਘੋਸ਼ਣਾ ਕੀਤੀ ਹੈ ਕਿ ਅਮਰੀਕਾ, ਕੈਨੇਡਾ, ਯੂਰਪ ਅਤੇ ਯੂਨਾਈਟਿਡ ਕਿੰਗਡਮ ਲਈ ਉਸ ਦੀਆਂ ਨਿਯਮਿਤ ਸੇਵਾਵਾਂ ਦੁਬਾਰਾ ਆਮ ਤਰੀਕੇ ਨਾਲ ਚੱਲਣ ਲੱਗੀਆਂ ਹਨ। ਹਾਲਾਂਕਿ ਸੁਰੱਖਿਆ ਨੂੰ ਪਹਿਲ ਦੇਂਦਿਆਂ ਉਡਾਣਾਂ ਹੁਣ ਮੱਧ ਪੂਰਬ ਦੇ ਸੰਵੇਦਨਸ਼ੀਲ ਹਵਾਈ ਖੇਤਰਾਂ ਤੋਂ ਬਚ ਕੇ ਬਦਲਵੇਂ ਰਸਤੇ ਅਪਣਾ ਰਹੀਆਂ ਹਨ।
ਮੱਧ ਪੂਰਬ ਲਈ ਉਡਾਣਾਂ ‘ਤੇ ਅਜੇ ਵੀ ਰੋਕ
ਜਿੱਥੇ ਪੱਛਮੀ ਮੰਜ਼ਿਲਾਂ ਲਈ ਸੇਵਾਵਾਂ ਮੁੜ ਸ਼ੁਰੂ ਹੋ ਗਈਆਂ ਹਨ, ਉੱਥੇ ਮੱਧ ਪੂਰਬ ਦੇ ਕਈ ਸ਼ਹਿਰਾਂ ਲਈ ਉਡਾਣਾਂ ਅਜੇ ਵੀ ਪ੍ਰਭਾਵਿਤ ਹਨ। ਕੰਪਨੀ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਖੇਤਰੀ ਹਵਾਈ ਖੇਤਰ ਬੰਦ ਹੋਣ ਕਾਰਨ ਉੱਥੇ ਜਾਣ ਵਾਲੀਆਂ ਸਾਰੀਆਂ ਉਡਾਣਾਂ 3 ਮਾਰਚ ਰਾਤ 11:59 ਵਜੇ ਤੱਕ ਮੁਅੱਤਲ ਰਹਿਣਗੀਆਂ। ਪ੍ਰਭਾਵਿਤ ਯਾਤਰੀਆਂ ਨੂੰ ਪੂਰਾ ਰਿਫੰਡ, ਬਿਨਾਂ ਸ਼ੁਲਕ ਮਿਤੀ ਬਦਲਣ ਦੀ ਸਹੂਲਤ ਜਾਂ ਹੋਰ ਵਿਕਲਪ ਦਿੱਤੇ ਜਾ ਰਹੇ ਹਨ।
ਜੇਦਾਹ ਤੋਂ ਵਿਸ਼ੇਸ਼ ਰਾਹਤ ਉਡਾਣਾਂ
ਇੰਡੀਗੋ ਨੇ ਐਲਾਨ ਕੀਤਾ ਹੈ ਕਿ ਉਹ 3 ਮਾਰਚ ਨੂੰ ਜੇਦਾਹ ਤੋਂ ਮੁੰਬਈ, ਹੈਦਰਾਬਾਦ ਅਤੇ ਅਹਿਮਦਾਬਾਦ ਲਈ 10 ਵਿਸ਼ੇਸ਼ ਰਾਹਤ ਉਡਾਣਾਂ ਚਲਾਏਗਾ। ਇਹ ਉਪਰਾਲਾ ਭਾਰਤੀ ਕੌਂਸਲੇਟ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਉੱਥੇ ਫਸੇ ਯਾਤਰੀਆਂ ਦੀ ਸੁਰੱਖਿਅਤ ਵਾਪਸੀ ਯਕੀਨੀ ਬਣਾਈ ਜਾ ਸਕੇ।
ਹਵਾਬਾਜ਼ੀ ਮੰਤਰਾਲੇ ਦੀ ਉੱਚ ਪੱਧਰੀ ਸਮੀਖਿਆ
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਹਾਲਾਤਾਂ ਦੀ ਸਮੀਖਿਆ ਲਈ ਉੱਚ ਪੱਧਰੀ ਬੈਠਕ ਕੀਤੀ। ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਹਵਾਈ ਖੇਤਰ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਲੰਬੀ ਦੂਰੀ ਦੀਆਂ ਉਡਾਣਾਂ ਨੂੰ ਸੰਘਰਸ਼ ਵਾਲੇ ਇਲਾਕਿਆਂ ਤੋਂ ਦੂਰ ਰੱਖਿਆ ਜਾ ਰਿਹਾ ਹੈ। ਸਾਰੀਆਂ ਏਅਰਲਾਈਨਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਯਾਤਰੀਆਂ ਨੂੰ ਜਾਣਕਾਰੀ ਅਤੇ ਰਿਫੰਡ ਸਬੰਧੀ ਕਾਰਵਾਈ ਵਿੱਚ ਕੋਈ ਦੇਰੀ ਨਾ ਕੀਤੀ ਜਾਵੇ।
ਅਬੂ ਧਾਬੀ ਤੋਂ ਆਈ ਪਹਿਲੀ ਉਡਾਣ, ਯਾਤਰੀ ਭਾਵੁਕ
ਇਸ ਦੌਰਾਨ ਅਬੂ ਧਾਬੀ ਤੋਂ ਦਿੱਲੀ ਪਹੁੰਚੀ ਪਹਿਲੀ ਉਡਾਣ ਦੇ ਯਾਤਰੀ ਭਾਰਤ ਵਾਪਸੀ ‘ਤੇ ਭਾਵੁਕ ਦਿੱਖੇ। ਕਈਆਂ ਨੇ ਕਿਹਾ ਕਿ ਅਸਥਿਰ ਹਾਲਾਤਾਂ ਕਾਰਨ ਉਹ ਚਿੰਤਤ ਸਨ, ਪਰ ਸੁਰੱਖਿਅਤ ਘਰ ਵਾਪਸੀ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ।
ਕੱਚੇ ਤੇਲ ਦੀਆਂ ਕੀਮਤਾਂ ਚੜ੍ਹੀਆਂ, ਕਿਰਾਏ ਵਧਣ ਦੀ ਸੰਭਾਵਨਾ
ਜੰਗੀ ਮਾਹੌਲ ਦਾ ਅਸਰ ਵਿਸ਼ਵ ਬਾਜ਼ਾਰਾਂ ‘ਤੇ ਵੀ ਦਿਖਾਈ ਦੇ ਰਿਹਾ ਹੈ। ਕੱਚੇ ਤੇਲ ਦੀ ਕੀਮਤ 80 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਈ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਹਵਾਈ ਕਿਰਾਏ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਹਾਲਾਤ ਲੰਬੇ ਸਮੇਂ ਤੱਕ ਤਣਾਭਰੇ ਰਹੇ ਤਾਂ ਯਾਤਰਾ ਖ਼ਰਚਾਂ ‘ਤੇ ਹੋਰ ਅਸਰ ਪੈ ਸਕਦਾ ਹੈ।

