ਨਵੀਂ ਦਿੱਲੀ :- ਮੱਧ ਪੂਰਬ ਵਿੱਚ ਵਧਦੇ ਜੰਗੀ ਹਾਲਾਤਾਂ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਚੱਲ ਰਹੇ ਟਕਰਾਅ ਬਾਰੇ ਮਹੱਤਵਪੂਰਨ ਟਿੱਪਣੀ ਕੀਤੀ ਹੈ। ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਮੌਜੂਦਾ ਫੌਜੀ ਕਾਰਵਾਈ ਅਗਲੇ ਇੱਕ ਮਹੀਨੇ ਤੱਕ ਜਾਰੀ ਰਹਿ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕੀ ਦਸਤਿਆਂ ਦੀ ਕਾਰਵਾਈ ਤੈਅ ਰਣਨੀਤੀ ਅਨੁਸਾਰ ਅੱਗੇ ਵੱਧ ਰਹੀ ਹੈ ਅਤੇ ਹੁਣ ਤੱਕ ਦੇ ਨਤੀਜੇ ਉਮੀਦਾਂ ਤੋਂ ਵੱਧ ਰਹੇ ਹਨ।
ਈਰਾਨੀ ਆਗੂਆਂ ਦੇ ਮਾਰੇ ਜਾਣ ਦਾ ਦਾਅਵਾ
ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕੀ ਹਮਲਿਆਂ ਦੌਰਾਨ 48 ਈਰਾਨੀ ਉੱਚ ਪੱਧਰੀ ਆਗੂ ਮਾਰੇ ਗਏ ਹਨ। ਉਨ੍ਹਾਂ ਦੇ ਅਨੁਸਾਰ ਇਸ ਕਾਰਵਾਈ ਨੇ ਈਰਾਨ ਦੀ ਸੈਨਾ ਅਤੇ ਨੇਤ੍ਰਿਤਵ ਢਾਂਚੇ ਨੂੰ ਵੱਡਾ ਝਟਕਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਜੰਗ ਦੌਰਾਨ ਮਾਰੇ ਗਏ ਤਿੰਨ ਅਮਰੀਕੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਵੀ ਪ੍ਰਗਟ ਕੀਤੀ।
ਗੱਲਬਾਤ ਲਈ ਖੁੱਲ੍ਹਾ ਦਰਵਾਜ਼ਾ, ਪਰ ਦੇਰ ਨਾਲ ਕਦਮ
ਰਾਸ਼ਟਰਪਤੀ ਟਰੰਪ ਨੇ ਸੰਕੇਤ ਦਿੱਤਾ ਕਿ ਈਰਾਨ ਦੀ ਨਵੀਂ ਅਗਵਾਈ ਹੁਣ ਸੰਵਾਦ ਦੀ ਇੱਛਾ ਜ਼ਾਹਰ ਕਰ ਰਹੀ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਪਹਿਲ ਕਈ ਦਿਨ ਪਹਿਲਾਂ ਹੋਣੀ ਚਾਹੀਦੀ ਸੀ। ਇਸ ਦੇ ਬਾਵਜੂਦ ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਹਾਲਾਤ ਮੌਕਾ ਦਿੰਦੇ ਹਨ ਤਾਂ ਅਮਰੀਕਾ ਗੱਲਬਾਤ ਲਈ ਤਿਆਰ ਹੈ, ਪਰ ਰਾਸ਼ਟਰੀ ਹਿਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਖੇਤਰੀ ਦੇਸ਼ਾਂ ਨਾਲ ਸਲਾਹ-ਮਸ਼ਵਰਾ ਜਾਰੀ
ਟਰੰਪ ਨੇ ਇਹ ਵੀ ਖੁਲਾਸਾ ਕੀਤਾ ਕਿ ਸਾਊਦੀ ਅਰਬ ਇਸ ਸੰਘਰਸ਼ ਵਿੱਚ ਆਪਣੀ ਭੂਮਿਕਾ ਨਿਭਾ ਸਕਦਾ ਹੈ ਕਿਉਂਕਿ ਉਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਹਿਰੀਨ, ਕਤਰ ਅਤੇ ਜੌਰਡਨ ਦੇ ਨੇਤਾਵਾਂ ਨਾਲ ਵੀ ਉਨ੍ਹਾਂ ਦੀ ਲਗਾਤਾਰ ਚਰਚਾ ਹੋ ਰਹੀ ਹੈ। ਉਨ੍ਹਾਂ ਆਸ ਜਤਾਈ ਕਿ ਇਸ ਸੈਨਿਕ ਦਬਾਅ ਤੋਂ ਬਾਅਦ ਈਰਾਨ ਵਿੱਚ ਸਿਆਸੀ ਤਬਦੀਲੀ ਅਤੇ ਲੋਕਤੰਤਰਕ ਪ੍ਰਕਿਰਿਆ ਨੂੰ ਮਜ਼ਬੂਤੀ ਮਿਲ ਸਕਦੀ ਹੈ।

