ਨੰਗਲ :- ਨੰਗਲ ਦੀ ਮੇਨ ਮਾਰਕੀਟ ਵਿੱਚ ਬੱਚਿਆਂ ਵੱਲੋਂ ਭੀਖ ਮੰਗਣ ਦੀਆਂ ਵੱਧ ਰਹੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਅੱਜ ਜ਼ਿਲਾ ਬਾਲ ਸੁਰੱਖਿਆ ਕੌਂਸਲਰ ਕਰਨਵੀਰ ਸਿੰਘ ਆਪਣੀ ਟੀਮ ਨਾਲ ਨੰਗਲ ਪਹੁੰਚੇ। ਇਹ ਸ਼ਿਕਾਇਤ ਮਾਰਕੀਟ ਦੇ ਦੁਕਾਨਦਾਰਾਂ ਅਤੇ ਐਡਵੋਕੇਟ ਅਮਨ ਬਜਾਜ ਵੱਲੋਂ ਬਾਲ ਕਲਿਆਣ ਵਿਭਾਗ ਅਤੇ ਐਸ.ਡੀ.ਐਮ. ਨੰਗਲ ਨੂੰ ਦਿੱਤੀ ਗਈ ਸੀ।
ਬੱਚਿਆਂ ਨੂੰ ਮਾਪਿਆਂ ਦੇ ਸਪੁਰਦ ਕੀਤਾ ਗਿਆ
ਟੀਮ ਨੇ ਮਾਰਕੀਟ ਤੋਂ ਕਰੀਬ 12 ਬੱਚਿਆਂ ਨੂੰ ਰੈਸਕਿਊ ਕਰਕੇ ਉਨ੍ਹਾਂ ਦੇ ਮਾਪਿਆਂ ਨੂੰ ਮੌਕੇ ‘ਤੇ ਬੁਲਾਇਆ। ਆਧਾਰ ਕਾਰਡ ਸਮੇਤ ਜ਼ਰੂਰੀ ਕਾਗਜ਼ਾਤਾਂ ਦੀ ਜਾਂਚ ਤੋਂ ਬਾਅਦ ਸਾਰੇ ਬੱਚਿਆਂ ਨੂੰ ਮਾਪਿਆਂ ਦੇ ਹਵਾਲੇ ਕੀਤਾ ਗਿਆ। ਇਸ ਦੌਰਾਨ ਮਾਪਿਆਂ ਨੂੰ ਚੇਤਾਵਨੀ ਦਿੱਤੀ ਗਈ ਕਿ ਬੱਚਿਆਂ ਤੋਂ ਭਿਖ ਮੰਗਵਾਉਣ ਦੀ ਬਜਾਏ ਉਨ੍ਹਾਂ ਨੂੰ ਸਕੂਲ ਭੇਜਿਆ ਜਾਵੇ। ਵਿਭਾਗ ਨੇ ਇਹ ਵੀ ਸਪਸ਼ਟ ਕੀਤਾ ਕਿ ਜੇ ਮਾਪੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਨਹੀਂ ਝੱਲ ਸਕਦੇ ਤਾਂ ਸਰਕਾਰ ਉਹਨਾਂ ਦੀ ਮਦਦ ਕਰੇਗੀ।
ਮੁੜ ਭੀਖ ਮੰਗਣ ‘ਤੇ ਹੋਵੇਗੀ ਸਖ਼ਤ ਕਾਰਵਾਈ
ਬਾਲ ਸੁਰੱਖਿਆ ਕੌਂਸਲਰ ਕਰਨਵੀਰ ਸਿੰਘ ਨੇ ਸਪਸ਼ਟ ਕਿਹਾ ਕਿ ਬੱਚਿਆਂ ਤੋਂ ਭਿਖ ਮੰਗਵਾਉਣਾ ਇੱਕ ਗੰਭੀਰ ਜੁਰਮ ਹੈ, ਜਿਸ ਲਈ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ। ਇਸ ਵਾਰ ਪਰਿਵਾਰਾਂ ਨੂੰ ਚੇਤਾਵਨੀ ਦੇ ਕੇ ਛੱਡਿਆ ਗਿਆ ਹੈ ਪਰ ਜੇ ਅਗਲੀ ਵਾਰ ਇਹ ਬੱਚੇ ਫਿਰ ਭਿਖ ਮੰਗਦੇ ਹੋਏ ਮਿਲੇ ਤਾਂ ਮਾਪਿਆਂ ਅਤੇ ਬੱਚਿਆਂ ਦੋਵਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।