ਚੇਨਈ :- ਐਤਵਾਰ ਨੂੰ ਐਗਮੋਰ !ਚੇਨਈ) ਵਿੱਚ ਪਸ਼ੂ ਪ੍ਰੇਮੀਆਂ ਅਤੇ ਹੱਕਾਂ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ ਪ੍ਰਦਰਸ਼ਨ ਰੈਲੀ ਕੀਤੀ। ਇਹ ਰੈਲੀ ਰਾਜਾਰਥੀਨਮ ਸਟੇਡਿਅਮ ਤੋਂ ਸ਼ੁਰੂ ਹੋ ਕੇ ਐਗਮੋਰ ਦੇ ਇਕ ਨਿੱਜੀ ਹੋਟਲ ਤੱਕ ਹੋਈ। ਪ੍ਰਦਰਸ਼ਨਕਾਰੀਆਂ ਨੇ ਆਪਣੇ ਪਾਲਤੂ ਕੁੱਤਿਆਂ ਨਾਲ ਸ਼ਾਮਲ ਹੋ ਕੇ ਸੁਪਰੀਮ ਕੋਰਟ ਦੇ ਉਸ ਫ਼ੈਸਲੇ ਦਾ ਵਿਰੋਧ ਕੀਤਾ ਜਿਸ ਵਿੱਚ ਦਿੱਲੀ-ਐਨਸੀਆਰ ਦੇ ਸਾਰੇ ਆਵਾਰਾ ਕੁੱਤਿਆਂ ਨੂੰ ਅੱਠ ਹਫ਼ਤਿਆਂ ਵਿੱਚ ਸ਼ੈਲਟਰਾਂ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਸੁਪਰੀਮ ਕੋਰਟ ਨੇ ਦਿੱਤਾ ਸੀ ਸ਼ੈਲਟਰਾਂ ਵਿੱਚ ਭੇਜਣ ਦਾ ਹੁਕਮ
ਹਾਲ ਹੀ ਵਿੱਚ ਦਿੱਲੀ ਵਿੱਚ 6 ਸਾਲਾ ਬੱਚੇ ਦੀ ਕੁੱਤੇ ਦੇ ਹਮਲੇ ਵਿੱਚ ਮੌਤ ਤੋਂ ਬਾਅਦ ਸੁਪਰੀਮ ਕੋਰਟ ਨੇ ਖ਼ੁਦ ਨੋਟਿਸ ਲੈਂਦਿਆਂ ਆਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ’ਤੇ ਚਿੰਤਾ ਜਤਾਈ ਸੀ। ਸੁਪਰੀਮ ਕੋਰਟ ਨੇ ਲਗਭਗ 10 ਲੱਖ ਆਵਾਰਾ ਕੁੱਤਿਆਂ ਦੀ ਸਟੀਰਲਾਈਜੇਸ਼ਨ ਕਰਨ ਅਤੇ ਉਹਨਾਂ ਨੂੰ ਸ਼ੈਲਟਰਾਂ ਵਿੱਚ ਭੇਜਣ ਦੇ ਆਦੇਸ਼ ਜਾਰੀ ਕੀਤੇ।
“ਕੁੱਤਿਆਂ ਨੂੰ ਸ਼ੈਲਟਰਾਂ ਵਿੱਚ ਬੰਦ ਕਰਨਾ ਕਠੋਰਤਾ” – ਕਾਰਕੁਨ
ਰੈਲੀ ਦੌਰਾਨ ਕਾਰਕੁਨਾਂ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਕੁੱਤਿਆਂ ਨਾਲ ਜ਼ਿਆਦਤੀ ਹੋਵੇਗੀ ਕਿਉਂਕਿ ਉਹਨਾਂ ਨੂੰ ਕੁਦਰਤੀ ਵਾਤਾਵਰਣ ਤੋਂ ਵੰਜਿਤ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਕੁੱਤਿਆਂ ਨੂੰ ਸਮੱਸਿਆ ਨਹੀਂ ਸਗੋਂ ਜ਼ਿੰਮੇਵਾਰੀ ਵਜੋਂ ਦੇਖਣ ਦੀ ਲੋੜ ਹੈ। ਆਵਾਰਾ ਕੁੱਤਿਆਂ ਦੇ ਪ੍ਰਬੰਧ ਲਈ ਵਿਗਿਆਨਕ ਸਟੀਰਲਾਈਜੇਸ਼ਨ ਪ੍ਰੋਗਰਾਮ, ਕਮਿਊਨਟੀ ਪੱਧਰ ’ਤੇ ਜਾਗਰੂਕਤਾ ਅਤੇ ਪਾਲਤੂ ਜਾਨਵਰਾਂ ਦੀ ਮਾਲਕੀ ਦੇ ਕੜੇ ਨਿਯਮ ਲਾਗੂ ਕਰਨੇ ਚਾਹੀਦੇ ਹਨ।
ਕਾਰਕੁਨਾਂ ਦੀ ਮੰਗ – ਫ਼ੈਸਲਾ ਵਾਪਸ ਲਿਆ ਜਾਵੇ
ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਕੋਰਟ ਦਾ ਇਹ ਹੁਕਮ ਤੁਰੰਤ ਵਾਪਸ ਲਿਆ ਜਾਵੇ ਅਤੇ ਸਰਕਾਰ ਇਕ ਮਨੁੱਖੀ ਤਰੀਕੇ ਨਾਲ ਅਵਾਰਾ ਕੁੱਤਿਆਂ ਦੇ ਪ੍ਰਬੰਧ ਲਈ ਨਵੀਂ ਨੀਤੀ ਬਣਾਏ।