ਫਾਜ਼ਿਲਕਾ :- ਜ਼ਿਲ੍ਹਾ ਫਾਜ਼ਿਲਕਾ ਵਿੱਚ ਸਿਰਫ਼ 20 ਰੁਪਏ ਦੀ ਲਾਟਰੀ ਟਿਕਟ ਨੇ ਬਾਹਰਲੇ ਸੂਬੇ ਤੋਂ ਆਏ ਇਕ ਵਿਅਕਤੀ ਦੀ ਜ਼ਿੰਦਗੀ ਨੂੰ ਨਵਾਂ ਮੋੜ ਦੇ ਦਿੱਤਾ। Punjab State Dear 20 Monthly Lottery ਦੇ ਤਾਜ਼ਾ ਡਰਾਅ ਵਿੱਚ 11 ਲੱਖ ਰੁਪਏ ਦਾ ਪਹਿਲਾ ਇਨਾਮ ਲੱਗਣ ਨਾਲ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ।
ਸੋਲਰ ਪਲਾਂਟ ਦੇ ਕੰਮ ਸਬੰਧੀ ਆਇਆ ਸੀ ਪੰਜਾਬ
ਜਾਣਕਾਰੀ ਮੁਤਾਬਕ ਤਾਲੇ ਸਿੰਘ, ਜੋ ਕਿ ਆਗਰਾ ਦਾ ਰਹਿਣ ਵਾਲਾ ਹੈ, ਪਿਛਲੇ ਕਰੀਬ ਡੇਢ ਮਹੀਨੇ ਤੋਂ ਪਿੰਡ ਰਾਣਾ ਵਿੱਚ ਸੋਲਰ ਪਲਾਂਟ ਲਗਾਉਣ ਦੇ ਪ੍ਰੋਜੈਕਟ ਨਾਲ ਜੁੜਿਆ ਹੋਇਆ ਸੀ। ਕੰਮ ਦੌਰਾਨ ਉਹ ਸਮਾਨ ਖਰੀਦਣ ਲਈ ਮੇਹਰੀਆਂ ਬਾਜ਼ਾਰ ਗਿਆ, ਜਿੱਥੇ ਉਸਨੇ ਇਕ ਸਥਾਨਕ ਲਾਟਰੀ ਵਿਕਰੇਤਾ ਰੂਪ ਚੰਦ ਦੀ ਦੁਕਾਨ ਤੋਂ 20 ਰੁਪਏ ਦੀ ਟਿਕਟ ਖਰੀਦੀ।
ਨਤੀਜੇ ਨੇ ਕਰ ਦਿੱਤਾ ਮਾਲਾਮਾਲ
ਕਿਸਮਤ ਨੇ ਅਜਿਹਾ ਸਾਥ ਦਿੱਤਾ ਕਿ ਉਸ ਟਿਕਟ ‘ਤੇ 11 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲ ਆਇਆ। ਜਿਵੇਂ ਹੀ ਡਰਾਅ ਦੇ ਨਤੀਜੇ ਦੀ ਪੁਸ਼ਟੀ ਹੋਈ, ਤਾਲੇ ਸਿੰਘ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਮੌਕੇ ‘ਤੇ ਹੀ ਉਸਨੇ ਖੁਸ਼ੀ ਵਿੱਚ ਨੱਚ ਕੇ ਆਪਣੀ ਪ੍ਰਸੰਨਤਾ ਜਤਾਈ।
ਵਿਕਰੇਤਾ ਵੱਲੋਂ ਵੀ ਮਨਾਈ ਗਈ ਖੁਸ਼ੀ
ਲਾਟਰੀ ਵੇਚਣ ਵਾਲੇ ਬੋਬੀ ਨੇ ਵੀ ਜਿੱਤ ਦੀ ਖੁਸ਼ੀ ਮਨਾਉਂਦਿਆਂ ਵਿਜੇਤਾ ਦੇ ਗਲੇ ਵਿੱਚ ਨਕਦੀ ਦੇ ਹਾਰ ਪਾਏ ਅਤੇ 500-500 ਰੁਪਏ ਦੇ ਨੋਟ ਵਾਰ ਕੇ ਵਧਾਈ ਦਿੱਤੀ। ਆਲੇ-ਦੁਆਲੇ ਖੜ੍ਹੇ ਲੋਕਾਂ ਨੇ ਵੀ ਇਸ ਅਨੋਖੇ ਮੌਕੇ ਦਾ ਆਨੰਦ ਲਿਆ ਅਤੇ ਤਾਲੇ ਸਿੰਘ ਨੂੰ ਮੁਬਾਰਕਬਾਦ ਦਿੱਤੀ।
ਬੱਚਿਆਂ ਦੀ ਪੜ੍ਹਾਈ ‘ਤੇ ਖਰਚ ਕਰਨ ਦਾ ਇਰਾਦਾ
ਵਿਜੇਤਾ ਤਾਲੇ ਸਿੰਘ ਨੇ ਦੱਸਿਆ ਕਿ ਉਹ ਇਹ ਇਨਾਮੀ ਰਕਮ ਆਪਣੇ ਬੱਚਿਆਂ ਦੀ ਸਿੱਖਿਆ ਅਤੇ ਪਰਿਵਾਰ ਦੀ ਭਲਾਈ ਲਈ ਵਰਤੇਗਾ। ਉਸਦੇ ਚਿਹਰੇ ‘ਤੇ ਚਮਕਦੀ ਮੁਸਕਾਨ ਇਸ ਗੱਲ ਦੀ ਗਵਾਹੀ ਦੇ ਰਹੀ ਸੀ ਕਿ ਛੋਟੀ ਜਿਹੀ ਰਕਮ ਨਾਲ ਖਰੀਦੀ ਟਿਕਟ ਨੇ ਉਸਦੀ ਜ਼ਿੰਦਗੀ ਵਿੱਚ ਵੱਡੀ ਖੁਸ਼ੀ ਭਰ ਦਿੱਤੀ ਹੈ।

