ਚੰਡੀਗੜ੍ਹ :- ਅੱਜ ਦੇਰ ਰਾਤ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਪੰਜ ਪੁਰਾਤਨ ਨਗਾਰਿਆਂ ‘ਤੇ ਰਿਵਾਇਤੀ ਚੋਟਾਂ ਮਾਰ ਕੇ ਕੌਮੀ ਤਿਉਹਾਰ ਹੋਲਾ ਮਹੱਲਾ ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ। ਇਸ ਪ੍ਰੰਪਰਾਗਤ ਰਸਮ ਨਾਲ ਛੇ ਦਿਨਾਂ ਤੱਕ ਚੱਲਣ ਵਾਲੇ ਮਹਾਨ ਸਮਾਗਮ ਦੀ ਆਰੰਭਤਾ ਹੋਵੇਗੀ, ਜਿਸ ਵਿੱਚ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਸ਼ਮੂਲੀਅਤ ਕਰਨਗੀਆਂ।
ਕੀਰਤਪੁਰ ਸਾਹਿਬ ‘ਚ ਪਹਿਲਾ ਪੜਾਅ
ਜਾਣਕਾਰੀ ਅਨੁਸਾਰ ਤਿਉਹਾਰ ਦਾ ਪਹਿਲਾ ਪੜਾਅ 27 ਫਰਵਰੀ ਤੋਂ 1 ਮਾਰਚ ਤੱਕ ਕੀਰਤਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਮਨਾਇਆ ਜਾਵੇਗਾ। ਇਸ ਦੌਰਾਨ ਧਾਰਮਿਕ ਦੀਵਾਨ, ਕੀਰਤਨ ਦਰਬਾਰ ਅਤੇ ਇਤਿਹਾਸਕ ਰਸਮਾਂ ਅਦਾ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ‘ਚ ਸੰਗਤਾਂ ਦੀ ਹਾਜ਼ਰੀ ਦੀ ਸੰਭਾਵਨਾ ਹੈ।
ਸ੍ਰੀ ਅਨੰਦਪੁਰ ਸਾਹਿਬ ‘ਚ ਦੂਜਾ ਅਤੇ ਅਹਿਮ ਪੜਾਅ
2 ਮਾਰਚ ਤੋਂ 4 ਮਾਰਚ ਤੱਕ ਤਿਉਹਾਰ ਦਾ ਦੂਜਾ ਅਤੇ ਕੇਂਦਰੀ ਪੜਾਅ ਸ੍ਰੀ ਅਨੰਦਪੁਰ ਸਾਹਿਬ ਵਿੱਚ ਚੜ੍ਹਦੀ ਕਲਾ ਨਾਲ ਮਨਾਇਆ ਜਾਵੇਗਾ। 4 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬੁੱਢਾ ਦਲ ਦੀ ਅਗਵਾਈ ਹੇਠ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਰਵਾਇਤੀ ਮਹੱਲਾ ਸਜਾਇਆ ਜਾਵੇਗਾ, ਜੋ ਤਿਉਹਾਰ ਦਾ ਸਭ ਤੋਂ ਰੋਮਾਂਚਕ ਦ੍ਰਿਸ਼ ਹੋਵੇਗਾ।
ਅੰਤਰਰਾਸ਼ਟਰੀ ਗਤਕਾ ਮੁਕਾਬਲੇ ਅਤੇ ਸੁਰੱਖਿਆ ਪ੍ਰਬੰਧ
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਛਾਉਣੀ ਵਿਖੇ ਦੋ ਦਿਨਾਂ ਦੇ ਅੰਤਰਰਾਸ਼ਟਰੀ ਗਤਕਾ ਮੁਕਾਬਲੇ ਹਰ ਸਾਲ ਦੀ ਤਰ੍ਹਾਂ ਕਰਵਾਏ ਜਾਣਗੇ। ਮੇਲੇ ਦੌਰਾਨ ਲਗਭਗ 4500 ਪੁਲਿਸ ਕਰਮਚਾਰੀ ਸੁਰੱਖਿਆ ਡਿਊਟੀ ‘ਤੇ ਤੈਨਾਤ ਰਹਿਣਗੇ। ਸ਼ਹਿਰ ਦੇ ਮੁੱਖ ਸਥਾਨਾਂ ‘ਤੇ ਸੀਸੀਟੀਵੀ ਕੈਮਰੇ ਲਗਾ ਕੇ ਹਰ ਹਲਚਲ ‘ਤੇ ਨਿਗਰਾਨੀ ਕੀਤੀ ਜਾਵੇਗੀ।
ਪਾਬੰਦੀਆਂ ਅਤੇ ਪ੍ਰਸ਼ਾਸਨਕ ਹਦਾਇਤਾਂ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਪਸ਼ਟ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਰੰਗਾਂ ਦੀ ਵਿਕਰੀ, ਭੰਗ ਦੀ ਖੁੱਲ੍ਹੀ ਵਿਕਰੀ ਅਤੇ ਭੀਖ ਮੰਗਣ ‘ਤੇ ਪੂਰਨ ਰੋਕ ਰਹੇਗੀ। ਹੋਲਾ ਮਹੱਲਾ ਦੌਰਾਨ ਸ਼ਹਿਰ ਵਿੱਚ ਸ਼ਰਾਬ ਦੇ ਠੇਕੇ ਵੀ ਬੰਦ ਰੱਖੇ ਜਾਣਗੇ ਤਾਂ ਜੋ ਤਿਉਹਾਰ ਦੀ ਪਵਿੱਤਰਤਾ ਬਣੀ ਰਹੇ।
ਸੰਗਤਾਂ ਨੂੰ ਸ਼ਮੂਲੀਅਤ ਦੀ ਅਪੀਲ
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਕੇ ਤਿਉਹਾਰ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹੋਲਾ ਮਹੱਲਾ ਖਾਲਸਾਈ ਰੂਹ ਅਤੇ ਸ਼ੌਰਿਆ ਦੀ ਪ੍ਰਤੀਕ ਪਰੰਪਰਾ ਹੈ, ਜੋ ਹਰ ਸਾਲ ਲੱਖਾਂ ਸ਼ਰਧਾਲੂਆਂ ਨੂੰ ਆਪਣੇ ਨਾਲ ਜੋੜਦੀ ਹੈ।
ਖਾਲਸਾਈ ਸ਼ਾਨ ਦਾ ਪ੍ਰਤੀਕ ਤਿਉਹਾਰ
ਹੋਲਾ ਮਹੱਲਾ ਖਾਲਸਾ ਪੰਥ ਦੀ ਵੀਰਤਾ, ਅਨੁਸ਼ਾਸਨ ਅਤੇ ਆਧਿਆਤਮਿਕਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਹਰ ਸਾਲ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਇੱਥੇ ਨਤਮਸਤਕ ਹੋ ਕੇ ਤਿਉਹਾਰ ਦੀ ਰੌਣਕ ਵਧਾਉਂਦੀਆਂ ਹਨ ਅਤੇ ਪ੍ਰਬੰਧਕ ਕਮੇਟੀਆਂ ਵੱਲੋਂ ਉਨ੍ਹਾਂ ਦੀ ਸਹੂਲਤ ਲਈ ਵਿਸ਼ਾਲ ਪ੍ਰਬੰਧ ਕੀਤੇ ਜਾਂਦੇ ਹਨ

