ਬਿਆਸ :- ਪਹਾੜਾਂ ਵਿੱਚ ਲਗਾਤਾਰ ਪੈ ਰਹੇ ਮੀਂਹ ਅਤੇ ਪੋਂਗ ਡੈਮ ਤੋਂ ਪਾਣੀ ਛੱਡਣ ਕਾਰਨ ਬਿਆਸ ਦਰਿਆ ਦਾ ਪੱਧਰ ਵਧ ਗਿਆ ਹੈ। ਇਸ ਨਾਲ ਤਰਨਤਾਰਨ ਅਤੇ ਕਪੂਰਥਲੇ ਜ਼ਿਲ੍ਹਿਆਂ ਦੇ ਮੰਡ ਖੇਤਰ ਦੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਗੋਇੰਦਵਾਲ ਸਾਹਿਬ, ਧੂੰਦਾ ਅਤੇ ਮਿਆਣੀ ਪਿੰਡਾਂ ਵਿੱਚ ਕਰੀਬ 4500 ਏਕੜ ਜ਼ਮੀਨ ਪਾਣੀ ਹੇਠ ਆ ਗਈ ਜਿਸ ਨਾਲ ਖੜ੍ਹੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ।
ਕਿਸਾਨਾਂ ਦੀਆਂ ਫਸਲਾਂ ਤੇ ਸਾਜ਼ੋ-ਸਮਾਨ ਡੁੱਬੇ
ਕਿਸਾਨਾਂ ਨੇ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਪਾਣੀ ਦੀ ਮਾਰ ਕਾਰਨ ਨਾ ਸਿਰਫ਼ ਉਨ੍ਹਾਂ ਦੀਆਂ ਫਸਲਾਂ, ਸਗੋਂ ਸਿੰਚਾਈ ਲਈ ਵਰਤੀਆਂ ਜਾਣ ਵਾਲੀਆਂ ਮੋਟਰਾਂ ਅਤੇ ਇੰਜਨ ਵੀ ਪਾਣੀ ਵਿੱਚ ਡੁੱਬ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਸਾਲ ਦਰਿਆਈ ਪਾਣੀ ਕਾਰਨ ਵੱਡੇ ਪੱਧਰ ’ਤੇ ਨੁਕਸਾਨ ਹੁੰਦਾ ਹੈ ਜਿਸ ਨਾਲ ਉਹ ਕਰਜ਼ੇ ਹੇਠ ਦਬ ਗਏ ਹਨ। ਇਸ ਵਾਰ ਵੀ ਕਿਸੇ ਸਰਕਾਰੀ ਅਧਿਕਾਰੀ ਜਾਂ ਮੰਤਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ।
ਜ਼ਮੀਨ ਵੇਚਣ ਦੀ ਪੇਸ਼ਕਸ਼ ਤੇ ਮੁਆਵਜ਼ੇ ਦੀ ਮੰਗ
ਪੀੜਤ ਕਿਸਾਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜਿਵੇਂ ਲੈਂਡ ਪੂਲਿੰਗ ਨੀਤੀ ਤਹਿਤ ਸ਼ਹਿਰਾਂ ਦੇ ਨੇੜਲੇ ਖੇਤਰਾਂ ਦੀ ਜ਼ਮੀਨ ਖਰੀਦੀ ਜਾਂਦੀ ਹੈ, ਉਸੇ ਤਰ੍ਹਾਂ ਉਹਨਾਂ ਦੀ ਦਰਿਆ-ਪ੍ਰਭਾਵਿਤ ਜ਼ਮੀਨ ਵੀ ਖਰੀਦ ਲਈ ਜਾਵੇ। ਇਸ ਨਾਲ ਉਹ ਮੁੜ ਮੁੜ ਆਉਣ ਵਾਲੇ ਨੁਕਸਾਨ ਤੋਂ ਬਚ ਸਕਣਗੇ। ਨਾਲ ਹੀ ਉਨ੍ਹਾਂ ਨੇ ਘੱਟੋ-ਘੱਟ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਹੈ ਤਾਂ ਜੋ ਉਹ ਮੁੜ ਖੇਤੀਬਾੜੀ ਕਰ ਸਕਣ।