ਚੰਡੀਗੜ੍ਹ :- ਪੰਜਾਬ ਵਿੱਚ ਫਰਵਰੀ ਮਹੀਨੇ ਦੇ ਅਖੀਰਲੇ ਪੱਖ ਵਿੱਚ ਮੌਸਮ ਹੌਲੀ-ਹੌਲੀ ਰੁਖ਼ ਬਦਲਦਾ ਨਜ਼ਰ ਆ ਰਿਹਾ ਹੈ। ਸਵੇਰ ਦੇ ਸਮੇਂ ਕਈ ਜ਼ਿਲ੍ਹਿਆਂ ਵਿੱਚ ਹਲਕੀ ਧੁੰਦ ਅਤੇ ਠੰਢੀ ਹਵਾ ਮਹਿਸੂਸ ਕੀਤੀ ਗਈ, ਪਰ ਜਿਵੇਂ ਹੀ ਦਿਨ ਚੜ੍ਹਿਆ, ਧੁੱਪ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ। ਮੌਸਮੀ ਹਾਲਾਤਾਂ ਅਨੁਸਾਰ ਦਿਨ ਦੇ ਵੇਲੇ ਤਾਪਮਾਨ ਆਮ ਨਾਲੋਂ ਕੁਝ ਵੱਧ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਲੋਕਾਂ ਨੂੰ ਫਰਵਰੀ ਵਿੱਚ ਹੀ ਗਰਮੀ ਦੀ ਹਲਕੀ ਝਲਕ ਮਹਿਸੂਸ ਹੋ ਸਕਦੀ ਹੈ।
ਤਾਪਮਾਨ ਵਿੱਚ ਲਗਾਤਾਰ ਵਾਧਾ ਦਰਜ
ਪਿਛਲੇ ਇਕ ਦਿਨ ਦੌਰਾਨ ਸੂਬੇ ਦੇ ਔਸਤ ਤਾਪਮਾਨ ਵਿੱਚ ਲਗਭਗ ਇੱਕ ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ, ਜੋ ਮੌਸਮੀ ਮਾਪਦੰਡਾਂ ਨਾਲੋਂ ਕਰੀਬ ਚਾਰ ਡਿਗਰੀ ਵੱਧ ਹੈ। ਅੱਜ ਵੱਧ ਤੋਂ ਵੱਧ ਤਾਪਮਾਨ ਵਿੱਚ ਤਿੰਨ ਤੋਂ ਚਾਰ ਡਿਗਰੀ ਹੋਰ ਇਜ਼ਾਫ਼ੇ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਭਾਖੜਾ ਇਲਾਕੇ ਵਿੱਚ ਤਾਪਮਾਨ 27 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚ ਗਿਆ, ਜੋ ਇਸ ਮੌਸਮ ਲਈ ਉੱਚਾ ਮੰਨਿਆ ਜਾ ਰਿਹਾ ਹੈ।
ਮੁੱਖ ਸ਼ਹਿਰਾਂ ਵਿੱਚ ਵੀ ਗਰਮੀ ਦਾ ਅਹਿਸਾਸ
ਸੂਬੇ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਦਿਨ ਦਾ ਤਾਪਮਾਨ 27 ਡਿਗਰੀ ਸੈਲਸੀਅਸ ਦੇ ਨੇੜੇ ਦਰਜ ਕੀਤਾ ਗਿਆ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਤਾਪਮਾਨ ਕਰੀਬ 26 ਡਿਗਰੀ, ਲੁਧਿਆਣਾ ਵਿੱਚ ਲਗਭਗ 27 ਡਿਗਰੀ ਅਤੇ ਪਟਿਆਲਾ ਵਿੱਚ ਵੀ 27 ਡਿਗਰੀ ਦੇ ਆਸ-ਪਾਸ ਰਿਹਾ। ਰਾਤ ਦੇ ਸਮੇਂ ਘੱਟੋ-ਘੱਟ ਤਾਪਮਾਨ 8 ਤੋਂ 13 ਡਿਗਰੀ ਸੈਲਸੀਅਸ ਦਰਮਿਆਨ ਦਰਜ ਕੀਤਾ ਗਿਆ, ਜਿਸ ਨਾਲ ਸਵੇਰ ਵੇਲੇ ਹਲਕੀ ਠੰਡ ਕਾਇਮ ਰਹੀ।
ਅਗਲੇ ਸੱਤ ਦਿਨ ਸੁੱਕਾ ਮੌਸਮ, ਮੀਂਹ ਦੀ ਸੰਭਾਵਨਾ ਨਹੀਂ
ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਆਉਂਦੇ ਦਿਨਾਂ ਵਿੱਚ ਸੂਬੇ ਵਿੱਚ ਖੁਸ਼ਕ ਹਾਲਾਤ ਬਣੇ ਰਹਿਣਗੇ। ਕੁਝ ਥਾਵਾਂ ‘ਤੇ ਸਵੇਰ ਸਮੇਂ ਹਲਕੀ ਤੋਂ ਦਰਮਿਆਨੀ ਧੁੰਦ ਪੈ ਸਕਦੀ ਹੈ, ਪਰ ਮੀਂਹ ਦੀ ਕੋਈ ਸੰਭਾਵਨਾ ਨਹੀਂ ਜਤਾਈ ਗਈ। 22 ਤੋਂ 27 ਫਰਵਰੀ ਤੱਕ ਮੌਸਮ ਸਾਫ਼ ਅਤੇ ਸੁੱਕਾ ਰਹਿਣ ਦੀ ਉਮੀਦ ਹੈ। ਵੱਧ ਤੋਂ ਵੱਧ ਤਾਪਮਾਨ ਵਿੱਚ ਹੌਲੀ-ਹੌਲੀ 2 ਤੋਂ 4 ਡਿਗਰੀ ਤੱਕ ਵਾਧਾ ਹੋ ਸਕਦਾ ਹੈ, ਜਦਕਿ ਘੱਟੋ-ਘੱਟ ਤਾਪਮਾਨ ਵਿੱਚ ਵੱਡੇ ਬਦਲਾਅ ਦੀ ਸੰਭਾਵਨਾ ਨਹੀਂ। ਹਾਲਾਂਕਿ ਰਾਤ ਦੇ ਸਮੇਂ ਹਲਕੀ ਠੰਡ ਅਜੇ ਕੁਝ ਦਿਨ ਕਾਇਮ ਰਹਿ ਸਕਦੀ ਹੈ।

