ਬਰਨਾਲਾ :- ਬਰਨਾਲਾ ਅਤੇ ਨਜ਼ਦੀਕੀ ਇਲਾਕਿਆਂ ਦੇ ਰੇਲ ਯਾਤਰੀਆਂ ਲਈ ਅੱਜ ਦਾ ਦਿਨ ਯਾਦਗਾਰ ਬਣ ਗਿਆ ਹੈ ਕਿਉਂਕਿ ਰੇਲ ਮੰਤਰਾਲਾ ਦੇ ਫੈਸਲੇ ਤਹਿਤ ਦੇਸ਼ ਦੀ ਆਧੁਨਿਕ ਤੇ ਤੇਜ਼ ਰਫ਼ਤਾਰ ਰੇਲਗੱਡੀ ਵੰਦੇ ਭਾਰਤ ਐਕਸਪ੍ਰੈਸ ਨੇ 20 ਫਰਵਰੀ ਤੋਂ ਬਰਨਾਲਾ ਰੇਲਵੇ ਸਟੇਸ਼ਨ ‘ਤੇ ਠਹਿਰਾਉ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀਡੀਓ ਸੰਦੇਸ਼ ਰਾਹੀਂ ਇਲਾਕਾ ਵਾਸੀਆਂ ਨੂੰ ਇਸ ਸਹੂਲਤ ਲਈ ਵਧਾਈ ਦਿੱਤੀ ਅਤੇ ਇਸਨੂੰ ਵਿਕਾਸ ਵੱਲ ਇਕ ਅਹਿਮ ਕਦਮ ਕਰਾਰ ਦਿੱਤਾ।
ਦੋ ਮਿੰਟ ਦਾ ਪ੍ਰਯੋਗਾਤਮਕ ਠਹਿਰਾਉ
ਰੇਲਵੇ ਅਧਿਕਾਰੀਆਂ ਮੁਤਾਬਕ ਫ਼ਿਰੋਜ਼ਪੁਰ ਕੈਂਟ ਤੋਂ ਦਿੱਲੀ ਜੰਕਸ਼ਨ ਦਰਮਿਆਨ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਹੁਣ ਬਰਨਾਲਾ ‘ਚ ਦੋ ਮਿੰਟ ਲਈ ਰੁਕੇਗੀ। ਫ਼ਿਰੋਜ਼ਪੁਰ ਤੋਂ ਦਿੱਲੀ ਜਾਣ ਵਾਲੀ ਗੱਡੀ ਸਵੇਰੇ 9:59 ਵਜੇ ਪਹੁੰਚ ਕੇ 10:01 ਵਜੇ ਰਵਾਨਾ ਹੋਵੇਗੀ, ਜਦਕਿ ਦਿੱਲੀ ਤੋਂ ਵਾਪਸੀ ‘ਚ ਆਉਣ ਵਾਲੀ ਗੱਡੀ ਰਾਤ 8:20 ਵਜੇ ਆ ਕੇ 8:22 ਵਜੇ ਅੱਗੇ ਵਧੇਗੀ। ਇਹ ਵਿਵਸਥਾ ਫਿਲਹਾਲ ਪ੍ਰਯੋਗਕ ਤੌਰ ‘ਤੇ ਲਾਗੂ ਕੀਤੀ ਗਈ ਹੈ ਅਤੇ ਯਾਤਰੀ ਸੰਖਿਆ ਅਤੇ ਪ੍ਰਤੀਕਿਰਿਆ ਦੇ ਆਧਾਰ ‘ਤੇ ਇਸਨੂੰ ਸਥਾਈ ਬਣਾਇਆ ਜਾ ਸਕਦਾ ਹੈ।
ਹੋਲੀ ਮੌਕੇ ਖਾਸ ਰੇਲ ਸੇਵਾ
ਉੱਥੇ ਹੀ ਆਉਣ ਵਾਲੇ ਹੋਲੀ ਤਿਉਹਾਰ ਦੌਰਾਨ ਵਧਦੀ ਭੀੜ ਨੂੰ ਦੇਖਦਿਆਂ ਰੇਲਵੇ ਵੱਲੋਂ ਅੰਮ੍ਰਿਤਸਰ-ਮਾਨਸੀ-ਅੰਮ੍ਰਿਤਸਰ ਰਿਜ਼ਰਵਡ ਸਪੈਸ਼ਲ ਐਕਸਪ੍ਰੈਸ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਵਿਸ਼ੇਸ਼ ਗੱਡੀ 24 ਅਤੇ 28 ਫਰਵਰੀ ਨਾਲ ਨਾਲ 4 ਮਾਰਚ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਰਸਤੇ ਵਿੱਚ ਜਲੰਧਰ, ਲੁਧਿਆਣਾ (ਢੰਡਾਰੀ ਕਲਾਂ), ਅੰਬਾਲਾ, ਮੁਰਾਦਾਬਾਦ ਅਤੇ ਗੋਰਖਪੁਰ ਸਮੇਤ ਕਈ ਅਹਿਮ ਸਟੇਸ਼ਨਾਂ ‘ਤੇ ਠਹਿਰੇਗੀ।
ਯਾਤਰੀਆਂ ਨੂੰ ਮਿਲੇਗੀ ਵਧੀਕ ਸਹੂਲਤ
ਇਸ ਨਵੇਂ ਠਹਿਰਾਉ ਅਤੇ ਖਾਸ ਰੇਲ ਸੇਵਾ ਨਾਲ ਮਾਲਵਾ ਖੇਤਰ ਦੇ ਯਾਤਰੀਆਂ ਨੂੰ ਦਿੱਲੀ ਸਮੇਤ ਹੋਰ ਸ਼ਹਿਰਾਂ ਤੱਕ ਤੇਜ਼ ਅਤੇ ਸੁਵਿਧਾਜਨਕ ਯਾਤਰਾ ਦਾ ਵਿਕਲਪ ਮਿਲੇਗਾ। ਸਥਾਨਕ ਵਸਨੀਕਾਂ ਨੇ ਇਸ ਫੈਸਲੇ ਨੂੰ ਖੁਸ਼ਆਇੰਦ ਕਰਾਰ ਦਿੰਦਿਆਂ ਆਸ ਜਤਾਈ ਹੈ ਕਿ ਆਉਣ ਵਾਲੇ ਸਮੇਂ ‘ਚ ਹੋਰ ਵੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

