ਜੈਪੁਰ :- ਜੈਪੁਰ ਵਿੱਚ ਆਜ਼ਾਦੀ ਦਿਵਸ ਦੀ ਸਵੇਰ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਸੀ। ਇੱਕ ਕਾਰ ਦੀ ਟੱਕਰ ਅਤੇ ਫਿਰ ਉਸ ਨਾਲ ਘਸੀਟੇ ਜਾਣਾ, ਦਰਅਸਲ ਘਸੀਟੇ ਜਾਣ ਵਾਲੇ ਵਿਅਕਤੀ ਆਰਮੀ ਦੇ ਰਿਟਾਇਰਡ ਕੈਪਟਨ ਨਰਸਾਰਾਮ ਜਾਜਰਾ ਸਨ। ਜਿਨ੍ਹਾਂ ਦੀ ਹੁਣ ਮੌਤ ਹੋ ਗਈ। ਪੂਰਾ ਹਾਦਸਾ ਨੇੜਲੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ, ਜਿਸ ‘ਚ ਡਰਾਉਣੇ ਦ੍ਰਿਸ਼ ਸਪੱਸ਼ਟ ਦਿਖਾਈ ਦੇ ਰਹੇ ਹਨ।
ਸਾਈਕਲ ‘ਤੇ ਜਾ ਰਿਹਾ ਸੀ, ਪਿੱਛੋਂ ਕਾਰ ਨੇ ਮਾਰੀ ਟੱਕਰ
ਜਾਣਕਾਰੀ ਮੁਤਾਬਕ 15 ਅਗਸਤ ਦੀ ਸਵੇਰ ਨਰਸਾਰਾਮ ਜਾਜਰਾ ਸਾਈਕਲ ‘ਤੇ ਚਿਤਰਕੂਟ ਸਟੇਡਿਅਮ ਵੱਲ ਜਾ ਰਹੇ ਸਨ। ਰਸਤੇ ਵਿੱਚ ਇੱਕ ਬੇਪਰਵਾਹ ਕਾਰ ਡਰਾਈਵਰ ਨੇ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਉਹ ਕਾਰ ਹੇਠਾਂ ਫਸ ਗਏ ਅਤੇ ਕਈ ਫੁੱਟ ਤੱਕ ਘਸੀਟੇ ਗਏ। ਇਸ ਦੌਰਾਨ ਉਹ ਗੰਭੀਰ ਜ਼ਖ਼ਮੀ ਹੋਏ ਅਤੇ ਜ਼ਿੰਦਗੀ ਦੀ ਜੰਗ ਹਾਰ ਗਏ।
ਔਰਤ ਚਲਾ ਰਹੀ ਸੀ ਕਾਰ, ਪੁਲਿਸ ਨੇ ਕੀਤੀ ਤਲਾਸ਼ ਸ਼ੁਰੂ
ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖ ਰਿਹਾ ਹੈ ਕਿ ਕਾਰ ਇੱਕ ਔਰਤ ਚਲਾ ਰਹੀ ਸੀ ਅਤੇ ਉਸਦੇ ਨਾਲ ਉਸਦਾ ਬੱਚਾ ਵੀ ਬੈਠਾ ਸੀ। ਹਾਦਸੇ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਈ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ‘ਤੇ ਡਰਾਈਵਰ ਦੀ ਪਛਾਣ ਕਰ ਲਈ ਹੈ ਅਤੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।