ਚੰਡੀਗੜ੍ਹ :- ਹੁਣ ਪੰਜਾਬ ਦੇ ਪੈਨਸ਼ਨਰਾਂ ਨੂੰ ਆਪਣੀਆਂ ਪੈਨਸ਼ਨ ਸੰਬੰਧੀ ਸਮੱਸਿਆਵਾਂ ਦਾ ਹੱਲ ਲੱਭਣ ਲਈ ਨਾ ਤਾਂ ਸਰਕਾਰੀ ਦਫ਼ਤਰਾਂ ਦੇ ਚੱਕਰ ਲਾਉਣੇ ਪੈਣਗੇ ਅਤੇ ਨਾ ਹੀ ਅਧਿਕਾਰੀਆਂ ਕੋਲ ਸਿਫ਼ਾਰਸ਼ਾਂ ਲਈ ਜਾਣਾ ਪਵੇਗਾ। ਸਰਕਾਰ ਨੇ ਪੈਨਸ਼ਨਰਾਂ ਲਈ ਇੱਕ ਵਿਸ਼ੇਸ਼ ਪੈਨਸ਼ਨ ਸੇਵਾ ਪੋਰਟਲ ਬਣਾਉਣ ਦੀ ਸ਼ੁਰੂਆਤ ਕੀਤੀ ਹੈ, ਜੋ ਸਿੱਧੇ ਤੌਰ ‘ਤੇ ਸੇਵਾਮੁਕਤ ਕਰਮਚਾਰੀਆਂ ਅਤੇ ਲੱਖਾਂ ਪੈਨਸ਼ਨਰਾਂ ਨੂੰ ਘਰ-ਬੈਠੇ ਸਹੂਲਤ ਪ੍ਰਦਾਨ ਕਰੇਗਾ।
ਪਹਿਲੇ ਪੜਾਅ ਵਿੱਚ ਛੇ ਵਿਭਾਗ ਸ਼ਾਮਲ
ਸਰਕਾਰ ਨੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਪਾਇਲਟ ਤੌਰ ‘ਤੇ ਛੇ ਵਿਭਾਗਾਂ—ਸਿਹਤ, ਸਿੱਖਿਆ, ਪੁਲਿਸ, ਜਲ ਸਪਲਾਈ, ਸੈਨੀਟੇਸ਼ਨ ਅਤੇ ਇਕ ਹੋਰ ਮਹੱਤਵਪੂਰਨ ਵਿਭਾਗ—ਵਿੱਚ ਕੀਤੀ ਹੈ। ਇੱਥੇ ਸੇਵਾਮੁਕਤ ਹੋ ਰਹੇ ਕਰਮਚਾਰੀਆਂ ਦੇ ਸਾਰੇ ਡੇਟੇ ਨੂੰ ਇਸ ਪੋਰਟਲ ‘ਤੇ ਅਪਲੋਡ ਕੀਤਾ ਜਾ ਰਿਹਾ ਹੈ। ਨਾਲ ਹੀ ਪੁਰਾਣੇ ਪੈਨਸ਼ਨਰਾਂ ਦੇ ਰਿਕਾਰਡ ਨੂੰ ਵੀ ਡਿਜ਼ੀਟਲ ਰੂਪ ਦਿੱਤਾ ਜਾ ਰਿਹਾ ਹੈ। ਸਰਕਾਰ ਦਾ ਟੀਚਾ ਹੈ ਕਿ ਆਉਣ ਵਾਲੀ ਦੀਵਾਲੀ ਤੱਕ ਇਹ ਪੋਰਟਲ ਪੂਰੀ ਤਰ੍ਹਾਂ ਕਾਰਗਰ ਹੋ ਜਾਵੇ।
ਪੈਨਸ਼ਨ ਦੀ ਸਮੇਂ ਸਿਰ ਅਦਾਇਗੀ
ਇਸ ਨਵੇਂ ਪ੍ਰਣਾਲੀ ਰਾਹੀਂ, ਸੇਵਾਮੁਕਤ ਕਰਮਚਾਰੀਆਂ ਨੂੰ ਸਮੇਂ ਸਿਰ ਬੈਂਕ ਰਾਹੀਂ ਪੈਨਸ਼ਨ ਮਿਲੇਗੀ। ਹੁਣ ਤੱਕ ਕਈ ਕਰਮਚਾਰੀਆਂ ਨੂੰ ਆਪਣੀ ਪੈਨਸ਼ਨ ਲਈ ਮਹੀਨਿਆਂ ਇੰਤਜ਼ਾਰ ਕਰਨਾ ਪੈਂਦਾ ਸੀ, ਪਰ ਪੋਰਟਲ ਦੇ ਆਉਣ ਨਾਲ ਇਹ ਸਮੱਸਿਆ ਖ਼ਤਮ ਹੋ ਜਾਵੇਗੀ। ਐਨਓਸੀ ਅਤੇ ਹੋਰ ਜ਼ਰੂਰੀ ਦਸਤਾਵੇਜ਼ ਵੀ ਆਨਲਾਈਨ ਹੀ ਪੂਰੇ ਕਰਕੇ ਬੈਂਕ ਨੂੰ ਭੇਜੇ ਜਾਣਗੇ।
ਜੀਵਨ ਸਰਟੀਫਿਕੇਟ ਵੀ ਆਨਲਾਈਨ
ਹਰ ਸਾਲ ਪੈਨਸ਼ਨਰਾਂ ਨੂੰ ਆਪਣਾ ਲਾਇਫ ਸਰਟੀਫਿਕੇਟ ਦਫ਼ਤਰਾਂ ਵਿੱਚ ਜਾ ਕੇ ਜਮ੍ਹਾ ਕਰਵਾਉਣਾ ਪੈਂਦਾ ਸੀ। ਹੁਣ ਇਹ ਸਰਟੀਫਿਕੇਟ ਵੀ ਘਰ ਬੈਠੇ ਆਨਲਾਈਨ ਜਮ੍ਹਾ ਕਰਵਾਇਆ ਜਾ ਸਕੇਗਾ। ਇਸ ਨਾਲ ਤਿੰਨ ਲੱਖ ਤੋਂ ਵੱਧ ਪੈਨਸ਼ਨਰਾਂ ਨੂੰ ਸਿੱਧਾ ਲਾਭ ਮਿਲੇਗਾ।
ਸ਼ਿਕਾਇਤਾਂ ਦਾ ਸਮੇਂ-ਬੱਧ ਨਿਪਟਾਰਾ
ਪੋਰਟਲ ਵਿੱਚ ਕਰਮਚਾਰੀਆਂ ਦੀ ਇੱਕ ਵੱਖਰੀ ਆਈਡੀ ਬਣਾਈ ਜਾਵੇਗੀ, ਜਿਸ ਰਾਹੀਂ ਉਹ ਆਪਣੀ ਸ਼ਿਕਾਇਤ ਦਰਜ ਕਰ ਸਕਣਗੇ। ਇਸ ਲਈ “ਸ਼ਿਕਾਇਤ ਬਾਕਸ” ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਹੈ। ਦਰਜ ਕੀਤੀ ਗਈ ਸ਼ਿਕਾਇਤ ਸਿੱਧੀ ਸਬੰਧਤ ਅਧਿਕਾਰੀ ਤੱਕ ਪਹੁੰਚੇਗੀ ਅਤੇ ਉਸ ਦਾ ਨਿਪਟਾਰਾ ਨਿਰਧਾਰਤ ਸਮੇਂ ਅੰਦਰ ਕਰਨਾ ਲਾਜ਼ਮੀ ਹੋਵੇਗਾ। ਚੰਡੀਗੜ੍ਹ ਵਿੱਚ ਬੈਠੇ ਸੀਨੀਅਰ ਅਧਿਕਾਰੀ ਸਾਰੇ ਮਾਮਲਿਆਂ ‘ਤੇ ਨਿਗਰਾਨੀ ਕਰਣਗੇ। ਜੇ ਕੋਈ ਅਧਿਕਾਰੀ ਜਾਣਬੁੱਝ ਕੇ ਫਾਈਲ ਰੋਕਦਾ ਹੈ, ਤਾਂ ਉਸ ਵਿਰੁੱਧ ਸਿੱਧੀ ਕਾਰਵਾਈ ਕੀਤੀ ਜਾਵੇਗੀ।
ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਕਰਮਚਾਰੀ ਰਹਿਣਗੇ ਬਾਹਰ
ਸਰਕਾਰ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਇਹ ਪੋਰਟਲ ਸਿਰਫ਼ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਹੋਵੇਗਾ। ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਕਰਮਚਾਰੀ ਇਸ ਵਿੱਚ ਸ਼ਾਮਲ ਨਹੀਂ ਕੀਤੇ ਜਾਣਗੇ ਕਿਉਂਕਿ ਉਨ੍ਹਾਂ ਦੇ ਸੇਵਾ ਨਿਯਮ ਵੱਖਰੇ ਹਨ। ਭਾਵੇਂ ਇਨ੍ਹਾਂ ਸਥਾਵਾਂ ‘ਤੇ ਸੀਨੀਅਰ ਆਈਏਐਸ ਅਤੇ ਪੀਸੀਐਸ ਅਧਿਕਾਰੀ ਤਾਇਨਾਤ ਹੁੰਦੇ ਹਨ, ਪਰ ਇਨ੍ਹਾਂ ਦੇ ਮੁਖੀ ਵਜੋਂ ਚੇਅਰਮੈਨ ਕੰਮ ਕਰਦੇ ਹਨ।