ਦੇਹਰਾਦੂਨ :- ਦੇਹਰਾਦੂਨ ਵਿੱਚ ਇੱਕ ਵਪਾਰੀ ਦੀ ਦਿਨ ਦਿਹਾੜੇ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਮਾਮਲੇ ਵਿੱਚ ਪੁਲਿਸ ਨੇ ਦੋ ਸ਼ੱਕੀ ਭਰਾਵਾਂ ਨੂੰ ਮੁਠਭੇੜ ਤੋਂ ਬਾਅਦ ਕਾਬੂ ਕਰ ਲਿਆ ਹੈ। ਅਧਿਕਾਰੀਆਂ ਮੁਤਾਬਕ ਦੋਵੇਂ ਦੋਸ਼ੀ ਬੁੱਧਵਾਰ ਦੇਰ ਰਾਤ ਡੋਈਵਾਲਾ ਅਤੇ ਲਾਡਪੁਰ ਇਲਾਕਿਆਂ ਵਿੱਚ ਪੁਲਿਸ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਸਨ, ਜਦੋਂ ਵੱਖ-ਵੱਖ ਮੁਕਾਬਲਿਆਂ ਦੌਰਾਨ ਉਹ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਕੋਰੋਨੇਸ਼ਨ ਹਸਪਤਾਲ ਪਹੁੰਚਾਇਆ ਗਿਆ।
ਮੁੱਖ ਦੋਸ਼ੀ ’ਤੇ ਪਹਿਲਾਂ ਤੋਂ ਮਾਮਲੇ ਦਰਜ
ਪੁਲਿਸ ਜਾਂਚ ਅਨੁਸਾਰ ਰਾਜੂ ਰਾਣਾ ਨਾਮਕ ਸ਼ਖ਼ਸ ਇਸ ਕਤਲ ਸਾਜ਼ਿਸ਼ ਦਾ ਮੁੱਖ ਸੁਤਰਧਾਰ ਮੰਨਿਆ ਜਾ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸਦਾ ਅਪਰਾਧਿਕ ਪਿਛੋਕੜ ਰਿਹਾ ਹੈ ਅਤੇ ਉਹ ਪਹਿਲਾਂ ਵੀ ਗੰਭੀਰ ਮਾਮਲਿਆਂ ’ਚ ਸ਼ਾਮਲ ਰਹਿ ਚੁੱਕਾ ਹੈ। ਪ੍ਰਾਰੰਭਿਕ ਜਾਣਕਾਰੀ ਮੁਤਾਬਕ ਰਾਜੂ ਰੋਜ਼ੀ-ਰੋਟੀ ਲਈ ਈ-ਰਿਕਸ਼ਾ ਚਲਾਉਂਦਾ ਸੀ ਅਤੇ ਉਸਨੇ ਆਪਣੇ ਵੱਡੇ ਭਰਾ ਪੰਕਜ ਰਾਣਾ ਨੂੰ ਵੀ ਇਸ ਸਾਜ਼ਿਸ਼ ਵਿੱਚ ਸ਼ਾਮਲ ਕੀਤਾ।
15 ਲੱਖ ਰੁਪਏ ਦੇ ਸੌਦੇ ਦਾ ਦਾਅਵਾ
ਪੁੱਛਗਿੱਛ ਦੌਰਾਨ ਰਾਜੂ ਨੇ ਕਥਿਤ ਤੌਰ ’ਤੇ ਖੁਲਾਸਾ ਕੀਤਾ ਕਿ ਉਸਨੇ ਲਗਭਗ 15 ਲੱਖ ਰੁਪਏ ਦੇ ਬਦਲੇ ਕਤਲ ਕਰਨ ਲਈ ਹਾਮੀ ਭਰੀ ਸੀ ਅਤੇ ਇਸ ਕੰਮ ਲਈ ਪੰਕਜ ਨੂੰ ਨਾਲ ਜੋੜਿਆ। ਪੁਲਿਸ ਅਜੇ ਇਸ ਬਿਆਨ ਦੀ ਪੜਤਾਲ ਕਰ ਰਹੀ ਹੈ ਅਤੇ ਆਰਥਿਕ ਲੈਣ-ਦੇਣ ਦੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਦਿਨ ਦਿਹਾੜੇ ਮੰਦਰ ਬਾਹਰ ਵਾਰਦਾਤ
42 ਸਾਲਾ ਅਰਜੁਨ ਸ਼ਰਮਾ ਨੂੰ ਬੁੱਧਵਾਰ ਨੂੰ ਟਿਬੇਤਨ ਮਾਰਕੀਟ ਇਲਾਕੇ ਵਿੱਚ ਸਥਿਤ ਮੰਦਰ ਦੇ ਬਾਹਰ ਗੋਲੀ ਮਾਰ ਦਿੱਤੀ ਗਈ ਸੀ। ਦੋ ਹਮਲਾਵਰ ਸਕੂਟਰ ’ਤੇ ਆਏ ਅਤੇ ਭੀੜਭਾੜ ਵਾਲੇ ਇਲਾਕੇ ਵਿੱਚ ਵਾਰਦਾਤ ਅੰਜਾਮ ਦੇ ਕੇ ਫਰਾਰ ਹੋ ਗਏ। ਇਸ ਘਟਨਾ ਨੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਸੀ।
ਪਰਿਵਾਰਕ ਪੱਖੋਂ ਵੀ ਜਾਂਚ ਜਾਰੀ
ਵਪਾਰੀ ਦੀ ਪਤਨੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਚਾਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਮ੍ਰਿਤਕ ਦੀ ਮਾਤਾ ਵੀ ਸ਼ਾਮਲ ਹੈ। ਪੁਲਿਸ ਸਾਰੇ ਪੱਖਾਂ ਤੋਂ ਜਾਂਚ ਕਰ ਰਹੀ ਹੈ ਤਾਂ ਜੋ ਹੱਤਿਆ ਦੇ ਅਸਲ ਮਕਸਦ ਦਾ ਪਤਾ ਲੱਗ ਸਕੇ।
ਐਸਐਸਪੀ ਦਾ ਬਿਆਨ
ਦੇਹਰਾਦੂਨ ਦੇ ਸੀਨੀਅਰ ਪੁਲਿਸ ਅਧਿਕਾਰੀ ਅਜੈ ਸਿੰਘ ਨੇ ਕਿਹਾ ਕਿ ਮਾਮਲੇ ਦੀ ਗਹਿਰਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਹੱਤਿਆ ਦੇ ਮਕਸਦ ਨੂੰ ਸਪੱਸ਼ਟ ਕਰਨ ਲਈ ਹਰ ਪਹਲੂ ਦੀ ਜਾਂਚ ਹੋ ਰਹੀ ਹੈ। ਪੁਲਿਸ ਨੇ ਇਸ਼ਾਰਾ ਦਿੱਤਾ ਹੈ ਕਿ ਹੋਰ ਗ੍ਰਿਫ਼ਤਾਰੀਆਂ ਵੀ ਸੰਭਵ ਹਨ।

