ਸਮਾਣਾ :- ਸ਼ਹਿਰ ਸਮਾਣਾ ਦੀਆਂ ਦੋ ਹੋਣਹਾਰ ਜੁੜਵਾਂ ਭੈਣਾਂ ਨੇ ਸਕੇਟਿੰਗ ਹੋਕੀ ਦੇ ਮੈਦਾਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਾ ਸਿਰਫ਼ ਆਪਣੇ ਪਰਿਵਾਰ, ਸਗੋਂ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ। ਗਿਆਰਵੀਂ ਕਲਾਸ ਦੀ ਵਿਦਿਆਰਥਣਾਂ ਬੈਸਨਵੀ ਸਿੰਘਲਾ ਅਤੇ ਆਰੀਆ ਸਿੰਘਲਾ ਨੇ ਅੰਤਰਰਾਸ਼ਟਰੀ ਪੱਧਰ ‘ਤੇ ਕੋਰੀਆ ਵਿੱਚ ਹੋਈ ਪ੍ਰਤੀਯੋਗਿਤਾ ਦੌਰਾਨ ਸਿਲਵਰ ਮੈਡਲ ਹਾਸਲ ਕੀਤਾ। ਇਸ ਤੋਂ ਪਹਿਲਾਂ ਵਿਸਾਖਾਪਟਨਮ ਵਿੱਚ ਆਯੋਜਿਤ ਰਾਸ਼ਟਰੀ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤ ਕੇ ਇਨ੍ਹਾਂ ਨੇ ਆਪਣੀ ਕਾਬਲਿਯਤ ਦਾ ਲੋਹਾ ਮਨਵਾਇਆ।
ਪੜ੍ਹਾਈ ਅਤੇ ਖੇਡ ਵਿੱਚ ਸੰਤੁਲਨ ਦੀ ਮਿਸਾਲ
ਦੋਨੋਂ ਭੈਣਾਂ ਸਿਰਫ਼ ਖੇਡਾਂ ਤੱਕ ਸੀਮਿਤ ਨਹੀਂ, ਸਗੋਂ ਪੜ੍ਹਾਈ ਵਿੱਚ ਵੀ ਅੱਗੇ ਹਨ। ਹਰ ਰੋਜ਼ ਲਗਭਗ 200 ਕਿਲੋਮੀਟਰ ਦਾ ਸਫਰ ਕਰਕੇ ਪਹਿਲਾਂ ਸਕੂਲ ਦੀ ਹਾਜ਼ਰੀ ਲਗਾਉਣ ਅਤੇ ਫਿਰ ਸੰਗਰੂਰ ਵਿਖੇ ਕੋਚਿੰਗ ਤੇ ਪ੍ਰੈਕਟਿਸ ਲਈ ਜਾਣਾ ਉਨ੍ਹਾਂ ਦੀ ਦਿਨਚਰੀ ਦਾ ਹਿੱਸਾ ਹੈ। ਕੜੀ ਮਿਹਨਤ, ਅਟੱਲ ਲਗਨ ਅਤੇ ਪਰਿਵਾਰਕ ਸਹਿਯੋਗ ਨੇ ਇਨ੍ਹਾਂ ਨੂੰ ਅੱਜ ਅੰਤਰਰਾਸ਼ਟਰੀ ਮੰਚ ਤੱਕ ਪਹੁੰਚਾਇਆ ਹੈ।
ਪਰਿਵਾਰ ਲਈ ਮਾਣ ਦੀ ਘੜੀ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਨਮ ਵੇਲੇ ਕਈ ਲੋਕਾਂ ਨੇ ਧੀਆਂ ਹੋਣ ‘ਤੇ ਵੱਖ-ਵੱਖ ਟਿੱਪਣੀਆਂ ਕੀਤੀਆਂ ਸਨ, ਪਰ ਅੱਜ ਉਹੀ ਧੀਆਂ ਘਰ ਅਤੇ ਸ਼ਹਿਰ ਦਾ ਨਾਮ ਰੋਸ਼ਨ ਕਰ ਰਹੀਆਂ ਹਨ। ਮਾਤਾ ਰਸਨਾ ਸਿੰਘਲਾ ਨੇ ਮਾਣ ਨਾਲ ਕਿਹਾ ਕਿ ਧੀਆਂ ਦੀ ਲਗਨ ਅਤੇ ਅਨੁਸ਼ਾਸਨ ਨੇ ਉਨ੍ਹਾਂ ਨੂੰ ਇਹ ਮਕਾਮ ਦਿਵਾਇਆ ਹੈ ਅਤੇ ਉਹ ਹਰ ਕਦਮ ‘ਤੇ ਉਨ੍ਹਾਂ ਦੇ ਨਾਲ ਖੜੇ ਹਨ।
ਅਗਲਾ ਟੀਚਾ ਗੋਲਡ ਮੈਡਲ
ਬੈਸਨਵੀ ਸਿੰਘਲਾ ਨੇ ਕਿਹਾ ਕਿ ਕੋਰੀਆ ਵਿੱਚ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਹੁਣ ਉਹਨਾਂ ਦਾ ਟੀਚਾ ਇੰਟਰਨੈਸ਼ਨਲ ਪੱਧਰ ‘ਤੇ ਗੋਲਡ ਮੈਡਲ ਜਿੱਤਣਾ ਹੈ। ਆਰੀਆ ਸਿੰਘਲਾ ਨੇ ਵੀ ਦੱਸਿਆ ਕਿ ਕੋਚ ਅਤੇ ਮਾਪਿਆਂ ਦੇ ਸਹਿਯੋਗ ਨਾਲ ਉਹ ਅਗਲੇ ਸਾਲ ਹੋਣ ਵਾਲੀ ਚੈਂਪੀਅਨਸ਼ਿਪ ਵਿੱਚ ਸਿਖਰ ‘ਤੇ ਪਹੁੰਚਣ ਲਈ ਦਿਨ-ਰਾਤ ਮਿਹਨਤ ਕਰ ਰਹੀਆਂ ਹਨ।
ਸਮਾਜ ਲਈ ਪ੍ਰੇਰਣਾ
ਜਦੋਂ ਇਹ ਦੋਨੋਂ ਭੈਣਾਂ ਮੈਦਾਨ ਵਿੱਚ ਉਤਰਦੀਆਂ ਹਨ ਤਾਂ ਦਰਸ਼ਕਾਂ ਦੀਆਂ ਨਿਗਾਹਾਂ ਆਪਣੇ ਆਪ ਉਨ੍ਹਾਂ ਵੱਲ ਮੁੜ ਜਾਂਦੀਆਂ ਹਨ। ਸਨਮਾਨ ਸਮਾਰੋਹ ਦੌਰਾਨ ਉਨ੍ਹਾਂ ਦੇ ਚਿਹਰਿਆਂ ‘ਤੇ ਝਲਕਦੀ ਖੁਸ਼ੀ ਸ਼ਹਿਰ ਵਾਸੀਆਂ ਲਈ ਵੀ ਮਾਣ ਦੀ ਘੜੀ ਬਣ ਜਾਂਦੀ ਹੈ। ਸਮਾਣਾ ਦੀਆਂ ਇਹ ਧੀਆਂ ਸਾਬਤ ਕਰ ਰਹੀਆਂ ਹਨ ਕਿ ਜੇਕਰ ਹੌਸਲਾ, ਅਨੁਸ਼ਾਸਨ ਅਤੇ ਮਿਹਨਤ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਰਹਿੰਦੀ

