ਤਰਨਤਾਰਨ :- ਤਰਨਤਾਰਨ ਜ਼ਿਲ੍ਹੇ ਦੇ ਪਿੰਡ ਉਸਮਾ ਸਥਿਤ ਲਾਅ ਕਾਲਜ ਵਿੱਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਗੋਲੀਕਾਂਡ ਦੀ ਘਟਨਾ ਨੂੰ ਲੈ ਕੇ ਫੈਲੀ ਅਫ਼ਵਾਹਾਂ ਦਰਮਿਆਨ ਹੁਣ ਤਸਵੀਰ ਸਾਫ ਹੋ ਗਈ ਹੈ। ਇਸ ਘਟਨਾ ਵਿੱਚ ਸਿਰਫ਼ ਵਿਦਿਆਰਥਣ ਦੀ ਹੀ ਮੌਤ ਹੋਈ ਹੈ, ਜਦਕਿ ਗੋਲੀ ਚਲਾਣ ਵਾਲਾ ਨੌਜਵਾਨ ਵਿਦਿਆਰਥੀ ਹਾਲੇ ਜਿਊਂਦਾ ਹੈ ਅਤੇ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਸਦਾ ਇਲਾਜ ਚੱਲ ਰਿਹਾ ਹੈ।
ਕਲਾਸਰੂਮ ਅੰਦਰ ਵਾਪਰੀ ਖੂਨੀ ਵਾਰਦਾਤ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਕਾਲਜ ਆਫ ਲਾਅ, ਪਿੰਡ ਉਸਮਾ ਵਿੱਚ ਦੂਜੇ ਸਮੈਸਟਰ ਦੀ ਵਿਦਿਆਰਥਣ ਸੰਦੀਪ ਕੌਰ (19), ਪੁੱਤਰੀ ਹੀਰਾ ਸਿੰਘ, ਵਾਸੀ ਨੌਸ਼ਹਿਰਾ ਪੰਨੂਆਂ, ਸੋਮਵਾਰ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਕਾਲਜ ਆਈ ਸੀ। ਕਲਾਸ ਦੌਰਾਨ ਹੀ ਉਸ ਨਾਲ ਪੜ੍ਹਨ ਵਾਲੇ ਵਿਦਿਆਰਥੀ ਪ੍ਰਿੰਸ ਰਾਜ ਸਿੰਘ (19), ਪੁੱਤਰ ਜਗਜੀਤ ਸਿੰਘ, ਵਾਸੀ ਪਿੰਡ ਮਲੀਆ ਵੱਲੋਂ ਉਸ ਨਾਲ ਦੋਸਤੀ ਕਰਨ ਦੀ ਗੱਲ ਕੀਤੀ ਗਈ।
ਇਨਕਾਰ ਮਿਲਣ ’ਤੇ ਚਲਾਈ ਗੋਲੀ
ਜਦੋਂ ਸੰਦੀਪ ਕੌਰ ਨੇ ਸਾਫ਼ ਤੌਰ ’ਤੇ ਇਨਕਾਰ ਕੀਤਾ ਤਾਂ ਗੁੱਸੇ ਵਿਚ ਆ ਕੇ ਮੁਲਜ਼ਮ ਵਿਦਿਆਰਥੀ ਨੇ ਆਪਣੀ ਡੱਬ ਵਿੱਚ ਰੱਖੇ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ। ਗੋਲੀ ਲੱਗਣ ਨਾਲ ਸੰਦੀਪ ਕੌਰ ਦੀ ਕਲਾਸਰੂਮ ਵਿੱਚ ਹੀ ਮੌਕੇ ’ਤੇ ਮੌਤ ਹੋ ਗਈ, ਜਿਸ ਨਾਲ ਪੂਰੇ ਕਾਲਜ ਵਿੱਚ ਹੜਕੰਪ ਮਚ ਗਿਆ।
ਖੁਦ ’ਤੇ ਗੋਲੀ, ਪਰ ਬਚ ਗਈ ਜਾਨ
ਵਾਰਦਾਤ ਤੋਂ ਤੁਰੰਤ ਬਾਅਦ ਪ੍ਰਿੰਸ ਰਾਜ ਸਿੰਘ ਨੇ ਆਪਣੀ ਕੰਨਪਟੀ ’ਤੇ ਗੋਲੀ ਮਾਰ ਲਈ। ਗੰਭੀਰ ਹਾਲਤ ਵਿੱਚ ਉਸਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਮੁਤਾਬਕ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਦੌਰਾਨ ਇਹ ਅਫ਼ਵਾਹ ਵੀ ਫੈਲ ਗਈ ਸੀ ਕਿ ਮੁਲਜ਼ਮ ਦੀ ਮੌਤ ਹੋ ਚੁੱਕੀ ਹੈ, ਪਰ ਪੁਲਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।
ਛੇ ਮਹੀਨੇ ਤੋਂ ਤੰਗ ਕਰਨ ਦੇ ਦੋਸ਼
ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਪ੍ਰਿੰਸ ਰਾਜ ਸਿੰਘ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਸੰਦੀਪ ਕੌਰ ਨੂੰ ਜ਼ਬਰਦਸਤੀ ਦੋਸਤੀ ਲਈ ਤੰਗ ਕਰ ਰਿਹਾ ਸੀ। ਸੰਦੀਪ ਕੌਰ ਪੜ੍ਹਾਈ ’ਤੇ ਧਿਆਨ ਦੇਂਦੀ ਰਹੀ ਅਤੇ ਹਰ ਵਾਰ ਇਨਕਾਰ ਕਰਦੀ ਰਹੀ, ਜਿਸ ਕਾਰਨ ਮੁਲਜ਼ਮ ਅੰਦਰੋਂ ਅੰਦਰ ਰੰਜਿਸ਼ ਪਾਲਦਾ ਰਿਹਾ।
ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ
ਮ੍ਰਿਤਕ ਸੰਦੀਪ ਕੌਰ ਛੇ ਭੈਣਾਂ ਅਤੇ ਇੱਕ ਛੋਟੇ ਭਰਾ ਵਿੱਚੋਂ ਇੱਕ ਸੀ। ਉਸਦੇ ਪਿਤਾ ਹੀਰਾ ਸਿੰਘ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਪਰਿਵਾਰ ਨੇ ਪੁਲਸ ਅਤੇ ਪ੍ਰਸ਼ਾਸਨ ਕੋਲੋਂ ਨਾ ਸਿਰਫ਼ ਮੁਲਜ਼ਮ, ਸਗੋਂ ਕਾਲਜ ਪ੍ਰਬੰਧਕਾਂ ਅਤੇ ਮੁਲਜ਼ਮ ਦੇ ਪਰਿਵਾਰ ਖ਼ਿਲਾਫ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਸ ਜਾਂਚ ਜਾਰੀ
ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਕਾਲਜ ਪ੍ਰਬੰਧਨ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ। ਪੁਲਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ

