ਬਰਧਮਾਨ :- ਪੱਛਮੀ ਬੰਗਾਲ ਦੇ ਬਰਧਮਾਨ ਜ਼ਿਲ੍ਹੇ ‘ਚ 15 ਅਗਸਤ ਸਵੇਰੇ ਲਗਭਗ 7 ਵਜੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਬੱਸ ਅਤੇ ਖੜ੍ਹੇ ਟਰੱਕ ਵਿੱਚ ਹੋਈ ਤਿੱਖੀ ਟੱਕਰ ਵਿੱਚ 10 ਲੋਕਾਂ ਦੀ ਮੌਤ ਹੋ ਗਈ, ਜਦਕਿ 30 ਤੋਂ ਵੱਧ ਯਾਤਰੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਸਾਰੇ ਮ੍ਰਿਤਕ ਬਿਹਾਰ ਦੇ ਨਿਵਾਸੀ ਦੱਸੇ ਜਾ ਰਹੇ ਹਨ।
ਗੰਗਾਸਾਗਰ ਤੋਂ ਵਾਪਸ ਆ ਰਹੇ ਸਨ ਯਾਤਰੀ
ਸਥਾਨਕ ਸਰੋਤਾਂ ਅਨੁਸਾਰ ਬੱਸ ਵਿੱਚ ਕੁੱਲ 45 ਸਵਾਰੀ ਸਨ, ਜਿਨ੍ਹਾਂ ‘ਚ 5 ਬੱਚੇ ਵੀ ਸ਼ਾਮਲ ਸਨ। ਇਹ ਸਾਰੇ ਬਿਹਾਰ ਤੋਂ ਗੰਗਾਸਾਗਰ ਵਿੱਚ ਇਸ਼ਨਾਨ ਕਰਕੇ ਵਾਪਸ ਜਾ ਰਹੇ ਸਨ। ਨੈਸ਼ਨਲ ਹਾਈਵੇ-19 ‘ਤੇ ਫੱਗੂਪੁਰ ਨੇੜੇ ਬੱਸ ਅਚਾਨਕ ਸੜਕ ‘ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਬੱਸ ਦਾ ਅੱਗਲਾ ਹਿੱਸਾ ਚਕਨਾਚੂਰ ਹੋ ਗਿਆ ਅਤੇ ਕਈ ਯਾਤਰੀ ਅੰਦਰ ਹੀ ਫਸ ਗਏ। ਮਰਨ ਵਾਲਿਆਂ ਵਿੱਚ 2 ਔਰਤਾਂ ਅਤੇ 8 ਪੁਰਸ਼ ਸ਼ਾਮਲ ਹਨ।
ਰਾਹਤ ਕਾਰਜ ਵਿੱਚ ਸਥਾਨਕ ਲੋਕਾਂ ਦੀ ਭੂਮਿਕਾ
ਦੁਰਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਮੌਕੇ ‘ਤੇ ਪਹੁੰਚੇ ਅਤੇ ਰਾਹਤ–ਬਚਾਅ ਸ਼ੁਰੂ ਕਰ ਦਿੱਤਾ। ਪੁਲਿਸ ਅਤੇ ਪ੍ਰਸ਼ਾਸਨ ਵੀ ਤੁਰੰਤ ਮੌਕੇ ‘ਤੇ ਪਹੁੰਚੇ। ਕਰੇਨ ਦੀ ਮਦਦ ਨਾਲ ਬੱਸ ਨੂੰ ਟਰੱਕ ਤੋਂ ਵੱਖ ਕਰਕੇ ਫਸੇ ਹੋਏ ਯਾਤਰੀਆਂ ਨੂੰ ਕਾਫ਼ੀ ਮਿਹਨਤ ਤੋਂ ਬਾਅਦ ਬਾਹਰ ਕੱਢਿਆ ਗਿਆ। ਜ਼ਖਮੀ ਲੋਕਾਂ ਨੂੰ ਐਂਬੂਲੈਂਸਾਂ ਰਾਹੀਂ ਬਰਧਮਾਨ ਮੈਡੀਕਲ ਕਾਲਜ ਅਤੇ ਹੋਰ ਨੇੜਲੇ ਹਸਪਤਾਲਾਂ ਵਿੱਚ ਭੇਜਿਆ ਗਿਆ।
ਪ੍ਰਸ਼ਾਸਨ ਵੱਲੋਂ ਜਾਂਚ ਸ਼ੁਰੂ
ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਾਦਸੇ ਦਾ ਮੁੱਖ ਕਾਰਨ ਸੜਕ ‘ਤੇ ਬਿਨਾਂ ਚੇਤਾਵਨੀ ਦੇ ਖੜ੍ਹਾ ਟਰੱਕ ਅਤੇ ਬੱਸ ਦੀ ਬੇਤਹਾਸਾ ਰਫ਼ਤਾਰ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਸਬੰਧੀ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।