ਅੰਮ੍ਰਿਤਸਰ :- ਭਾਰਤ-ਪਾਕਿਸਤਾਨ ਸਰਹੱਦ ‘ਅਟਾਰੀ ਬਾਰਡਰ’ ‘ਤੇ ਬੀਐਸਐਫ ਵੱਲੋਂ 79ਵਾਂ ਸੁਤੰਤਰਤਾ ਦਿਵਸ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਡੀਆਈਜੀ ਐਸਐਸ ਚੰਦੇਲ ਨੇ ਤਿਰੰਗਾ ਲਹਿਰਾਇਆ, ਜਵਾਨਾਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਮਠਿਆਈਆਂ ਭੇਟ ਕੀਤੀਆਂ। ਇਸ ਮੌਕੇ ਉਨ੍ਹਾਂ ਨੇ ਆਪ੍ਰੇਸ਼ਨ ਸਿੰਦੂਰ ਵਿੱਚ ਜਵਾਨਾਂ ਦੀ ਬਹਾਦਰੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਹ ਸਿਰਫ਼ ਬੀਐਸਐਫ ਦੀ ਨਹੀਂ, ਸਗੋਂ ਪੂਰੇ ਦੇਸ਼ ਦੀ ਜਿੱਤ ਸੀ।
“ਇਹ ਆਜ਼ਾਦੀ ਦਿਹਾੜਾ ਖਾਸ ਅਹਿਮੀਅਤ ਰੱਖਦਾ ਹੈ”
ਡੀਆਈਜੀ ਚੰਦੇਲ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਇਹ ਪਹਿਲਾ ਸੁਤੰਤਰਤਾ ਦਿਵਸ ਹੈ, ਜਦੋਂ ਦੇਸ਼ ਭਰ ਦੇ ਜਵਾਨ ਬੇਹੱਦ ਜੋਸ਼ ਤੇ ਉਤਸ਼ਾਹ ਨਾਲ ਜਸ਼ਨ ਮਨਾ ਰਹੇ ਹਨ। ਉਨ੍ਹਾਂ ਨੇ ਸੂਰਮੇ ਜਵਾਨਾਂ ਦੀ ਹਿੰਮਤ, ਦੇਸ਼ਭਗਤੀ ਅਤੇ ਕੁਰਬਾਨੀ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਦੇਸ਼ ਨੇ ਵੀ ਉਨ੍ਹਾਂ ਦੀ ਸੇਵਾ ਦਾ ਸਨਮਾਨ ਕੀਤਾ ਹੈ।
ਸਰਹੱਦੀ ਪਿੰਡਾਂ ਦੇ ਲੋਕਾਂ ਦਾ ਵੀ ਕੀਤਾ ਧੰਨਵਾਦ
ਆਪ੍ਰੇਸ਼ਨ ਸਿੰਦੂਰ ਦੀ ਯਾਦ ਤਾਜ਼ਾ ਕਰਦਿਆਂ ਡੀਆਈਜੀ ਚੰਦੇਲ ਨੇ ਕਿਹਾ ਕਿ ਸਰਹੱਦੀ ਪਿੰਡਾਂ ਦੇ ਵਸਨੀਕਾਂ ਨੇ ਵੀ ਬੀਐਸਐਫ ਦੇ ਨਾਲ ਕਧੇ-ਕੰਧ ਮਿਲਾ ਕੇ ਸਾਥ ਦਿੱਤਾ। ਪਾਕਿਸਤਾਨ ਵੱਲੋਂ ਹਮਲਿਆਂ ਦੇ ਬਾਵਜੂਦ ਕਿਸਾਨਾਂ ਨੇ ਆਪਣੇ ਪਿੰਡ ਤੇ ਖੇਤ ਨਹੀਂ ਛੱਡੇ, ਜੋ ਉਨ੍ਹਾਂ ਦੇ ਅਡਿੱਗ ਹੋਸਲੇ ਦੀ ਨਿਸ਼ਾਨੀ ਹੈ।
“ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ”
ਚੰਦੇਲ ਨੇ ਸਪਸ਼ਟ ਕੀਤਾ ਕਿ ਭਾਵੇਂ ਗੁਆਂਢੀ ਦੇਸ਼ ਹੀ ਕਿਉਂ ਨਾ ਹੋਵੇ, ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਅਮਨ-ਸ਼ਾਂਤੀ ਬਣੇ ਰਹਿਣ ਦੀ ਕਾਮਨਾ ਕੀਤੀ ਅਤੇ ਸਾਰੇ ਦੇਸ਼ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।