ਨਵੀਂ ਦਿੱਲੀ :- 20 ਵਿਸ਼ਵ ਕੱਪ 2026 ਦੀ ਸ਼ੁਰੂਆਤ ਤੋਂ ਠੀਕ ਪਹਿਲਾਂ ਕਈ ਟੀਮਾਂ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤ-ਸ਼੍ਰੀਲੰਕਾ ਦੀ ਸਾਂਝੀ ਮੇਜ਼ਬਾਨੀ ਹੇਠ ਖੇਡੇ ਜਾ ਰਹੇ ਇਸ ਮੈਗਾ ਟੂਰਨਾਮੈਂਟ ਤੋਂ ਅੱਠ ਅਹੰਮ ਖਿਡਾਰੀ ਸੱਟਾਂ ਕਾਰਨ ਬਾਹਰ ਹੋ ਗਏ ਹਨ। ਆਸਟ੍ਰੇਲੀਆ, ਭਾਰਤ, ਸ਼੍ਰੀਲੰਕਾ, ਦੱਖਣੀ ਅਫਰੀਕਾ, ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਰਗੀਆਂ ਟੀਮਾਂ ਨੂੰ ਆਖਰੀ ਸਮੇਂ ਆਪਣੇ ਸਕਵਾਡ ਵਿੱਚ ਤਬਦੀਲੀਆਂ ਕਰਣੀਆਂ ਪਈਆਂ ਹਨ। ਇਨ੍ਹਾਂ ਸੱਟਾਂ ਨੇ ਕਈ ਟੀਮਾਂ ਦੀ ਰਣਨੀਤੀ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਆਸਟ੍ਰੇਲੀਆ ਨੂੰ ਡਬਲ ਝਟਕਾ
ਆਸਟ੍ਰੇਲੀਆਈ ਕ੍ਰਿਕਟ ਟੀਮ ਲਈ ਵਿਸ਼ਵ ਕੱਪ ਦੀ ਸ਼ੁਰੂਆਤ ਮੁਸ਼ਕਿਲਾਂ ਨਾਲ ਹੋਈ ਹੈ। ਕਪਤਾਨ ਪੈਟ ਕਮਿੰਸ ਪਿੱਠ ਦੀ ਸੱਟ ਕਾਰਨ ਪੂਰੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਟੀਮ ਪ੍ਰਬੰਧਨ ਨੇ ਮੈਟ ਰੇਨਸ਼ਾ ‘ਤੇ ਭਰੋਸਾ ਜਤਾਇਆ ਹੈ, ਜੋ ਬੱਲੇਬਾਜ਼ੀ ਦੇ ਨਾਲ-ਨਾਲ ਸਪਿਨ ਗੇਂਦਬਾਜ਼ੀ ਵਿੱਚ ਵੀ ਯੋਗਦਾਨ ਦੇ ਸਕਦੇ ਹਨ। ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੂੰ ਵੀ ਹੈਮਸਟ੍ਰਿੰਗ ਅਤੇ ਅਚਿਲਸ ਦੀ ਸੱਟ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਸੀਨ ਐਬੋਟ ਨੂੰ ਰਿਜ਼ਰਵ ਵਜੋਂ ਟੀਮ ਨਾਲ ਜੋੜਿਆ ਗਿਆ ਹੈ।
ਦੱਖਣੀ ਅਫਰੀਕਾ ਦੀ ਤਾਕਤ ਘਟੀ
ਦੱਖਣੀ ਅਫਰੀਕਾ ਨੂੰ ਵੀ ਦੋ ਵੱਡੇ ਨੁਕਸਾਨ ਝੱਲਣੇ ਪਏ ਹਨ। ਟੋਨੀ ਡੀ ਜਿਓਰਗੀ ਹੈਮਸਟ੍ਰਿੰਗ ਦੀ ਸੱਟ ਕਾਰਨ ਵਿਸ਼ਵ ਕੱਪ ਨਹੀਂ ਖੇਡ ਸਕਣਗੇ। ਟੀਮ ਨੇ ਉਨ੍ਹਾਂ ਦੀ ਥਾਂ ਵਿਕਟਕੀਪਰ-ਬੱਲੇਬਾਜ਼ ਰਿਆਨ ਰਿਕੇਲਟਨ ਨੂੰ ਸਕਵਾਡ ਵਿੱਚ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਆਲਰਾਊਂਡਰ ਡੋਨੋਵਨ ਫਰੇਰਾ ਖੱਬੀ ਕਲੈਵੀਕਲ ਹੱਡੀ ਟੁੱਟਣ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ, ਜਿਨ੍ਹਾਂ ਦੀ ਜਗ੍ਹਾ ਟ੍ਰਿਸਟਨ ਸਟੱਬਸ ਨੂੰ ਮੌਕਾ ਮਿਲਿਆ ਹੈ।
ਅਫਗਾਨਿਸਤਾਨ ਨੂੰ ਤੇਜ਼ ਗੇਂਦਬਾਜ਼ੀ ਵਿੱਚ ਝਟਕਾ
ਅਫਗਾਨਿਸਤਾਨ ਦੇ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਨਵੀਨ ਉਲ ਹੱਕ ਸੱਜੇ ਮੋਢੇ ਦੀ ਸੱਟ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਟੀਮ ਪ੍ਰਬੰਧਨ ਨੇ ਉਨ੍ਹਾਂ ਦੀ ਥਾਂ ਜ਼ਿਆ-ਉਰ-ਰਹਿਮਾਨ ਨੂੰ ਸਕਵਾਡ ਵਿੱਚ ਸ਼ਾਮਲ ਕਰਕੇ ਗੇਂਦਬਾਜ਼ੀ ਹਮਲੇ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ।
ਨਿਊਜ਼ੀਲੈਂਡ ਲਈ ਐਡਮ ਮਿਲਨੇ ਦੀ ਗੈਰਹਾਜ਼ਰੀ
ਨਿਊਜ਼ੀਲੈਂਡ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਐਡਮ ਮਿਲਨੇ ਹੈਮਸਟ੍ਰਿੰਗ ਦੀ ਸੱਟ ਨਾਲ ਜੂਝ ਰਹੇ ਹਨ, ਜਿਸ ਕਾਰਨ ਉਹ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਕਾਇਲ ਜੈਮੀਸਨ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਲੰਬਾਈ ਅਤੇ ਉਛਾਲ ਨਾਲ ਖੇਡ ਦਾ ਰੁਖ ਬਦਲ ਸਕਦੇ ਹਨ।
ਭਾਰਤ ਨੂੰ ਹਰਸ਼ਿਤ ਰਾਣਾ ਦੀ ਚੋਟ
ਭਾਰਤੀ ਟੀਮ ਲਈ ਵੀ ਸ਼ੁਰੂਆਤ ਤੋਂ ਪਹਿਲਾਂ ਨਿਰਾਸ਼ਾ ਵਾਲੀ ਖ਼ਬਰ ਆਈ ਹੈ। ਨੌਜਵਾਨ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਦੱਖਣੀ ਅਫਰੀਕਾ ਵਿਰੁੱਧ ਅਭਿਆਸ ਮੈਚ ਦੌਰਾਨ ਗੋਡੇ ‘ਤੇ ਸੱਟ ਲੱਗਣ ਕਾਰਨ ਪੂਰੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਭਾਰਤੀ ਟੀਮ ਨੇ ਤਜਰਬੇਕਾਰ ਮੁਹੰਮਦ ਸਿਰਾਜ ਨੂੰ ਉਨ੍ਹਾਂ ਦੀ ਜਗ੍ਹਾ ਸਕਵਾਡ ਵਿੱਚ ਸ਼ਾਮਲ ਕੀਤਾ ਹੈ।
ਸ਼੍ਰੀਲੰਕਾ ਨੂੰ ਵੀ ਵੱਡਾ ਨੁਕਸਾਨ
ਸ਼੍ਰੀਲੰਕਾ ਦੇ ਉਭਰਦੇ ਸਟਾਰ ਗੇਂਦਬਾਜ਼ ਈਸ਼ਾਨ ਮਲਿੰਗਾ ਮੋਢੇ ਦੀ ਸੱਟ ਕਾਰਨ ਟੀ-20 ਵਿਸ਼ਵ ਕੱਪ ਨਹੀਂ ਖੇਡ ਸਕਣਗੇ। ਟੀਮ ਪ੍ਰਬੰਧਨ ਨੇ ਉਨ੍ਹਾਂ ਦੀ ਥਾਂ ਪ੍ਰਮੋਦ ਮਦੁਸ਼ਨ ਨੂੰ ਮੌਕਾ ਦਿੱਤਾ ਹੈ।
ਸੱਟਾਂ ਕਾਰਨ ਹੋਈਆਂ ਇਨ੍ਹਾਂ ਤਬਦੀਲੀਆਂ ਨੇ ਵਿਸ਼ਵ ਕੱਪ ਤੋਂ ਪਹਿਲਾਂ ਹੀ ਕਈ ਟੀਮਾਂ ਦੀ ਯੋਜਨਾ ਨੂੰ ਹਿਲਾ ਦਿੱਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਨਵੇਂ ਸ਼ਾਮਲ ਹੋਏ ਖਿਡਾਰੀ ਇਸ ਮੰਚ ‘ਤੇ ਆਪਣੇ ਆਪ ਨੂੰ ਕਿੰਨਾ ਸਾਬਤ ਕਰ ਪਾਂਦੇ ਹਨ ਅਤੇ ਕਿਹੜੀ ਟੀਮ ਇਨ੍ਹਾਂ ਝਟਕਿਆਂ ਤੋਂ ਉੱਭਰ ਕੇ ਅੱਗੇ ਨਿਕਲਦੀ ਹੈ।

