ਮੋਗਾ :- ਆਜ਼ਾਦੀ ਦੇ 79ਵੇਂ ਦਿਹਾੜੇ ‘ਤੇ ਮੋਗਾ ਵਿੱਚ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਰਾਸ਼ਟਰੀ ਧੱਜਾ ਫਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ। ਅਨੇਕਾਂ ਸ਼ਹੀਦਾਂ ਦੀ ਕੁਰਬਾਨੀ ਦੇ ਸਦਕਾ ਹੀ ਅੱਜ ਅਸੀਂ ਇਹ ਆਜ਼ਾਦੀ ਦਾ ਅਨੰਦ ਮਾਣ ਰਹੇ ਹਾਂ।
ਨਸ਼ਿਆਂ ਦੇ ਦਾਗ ਨੂੰ ਮਿਟਾਉਣ ਲਈ ਮੁਹਿੰਮ ਜਾਰੀ
ਹਰਜੋਤ ਬੈਂਸ ਨੇ ਕਿਹਾ ਕਿ ਪੰਜਾਬ ਨੂੰ ਕਈ ਸਾਲਾਂ ਤੋਂ ਨਸ਼ਿਆਂ ਦਾ ਦਾਗ ਲੱਗ ਗਿਆ ਸੀ, ਜਿਸਨੂੰ ਮਿਟਾਉਣ ਲਈ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਦੇ ਤਹਿਤ ਪੰਜਾਬ ਦੇ ਅਕਸ ਨੂੰ ਮੁੜ ਸਾਫ਼-ਸੁਥਰਾ ਬਣਾਇਆ ਜਾ ਰਿਹਾ ਹੈ।
ਪੁਲਿਸ, ਸਿਹਤ ਮਹਿਕਮਾ ਅਤੇ ਸਮਾਜ ਦਾ ਸਾਂਝਾ ਯਤਨ
ਮੰਤਰੀ ਨੇ ਦੱਸਿਆ ਕਿ ਇਸ ਜੰਗ ਵਿੱਚ ਪੁਲਿਸ ਆਪਣਾ ਕੰਮ ਜ਼ਿੰਮੇਵਾਰੀ ਨਾਲ ਕਰ ਰਹੀ ਹੈ, ਜਦਕਿ ਸਿਹਤ ਵਿਭਾਗ ਅਤੇ ਸਮਾਜਿਕ ਸੰਗਠਨ ਵੀ ਸਰਗਰਮ ਭੂਮਿਕਾ ਨਿਭਾ ਰਹੇ ਹਨ। ਸਕੂਲਾਂ ਵਿੱਚ ਬੱਚਿਆਂ ਦੇ ਪਾਠਕ੍ਰਮ ਵਿੱਚ ਵੀ ਨਸ਼ਿਆਂ ਤੋਂ ਦੂਰ ਰਹਿਣ ਲਈ ਵਿਸ਼ੇਸ਼ ਸਲੇਬਸ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਨਵੀਂ ਪੀੜ੍ਹੀ ਨੂੰ ਇਸ ਬੁਰਾਈ ਤੋਂ ਬਚਾਇਆ ਜਾ ਸਕੇ।