ਤ੍ਰਿਪੁਰਾ :- ਦੇਸ਼ ਭਰ ਵਿੱਚ ਅੱਜ 79ਵਾਂ ਆਜ਼ਾਦੀ ਦਿਵਸ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ, ਪਰ ਇਸ ਖੁਸ਼ੀ ਦੇ ਮੌਕੇ ‘ਤੇ ਤ੍ਰਿਪੁਰਾ ਪੁਲਸ ਨੇ ਇੱਕ ਵੱਡੀ ਸਾਜ਼ਿਸ਼ ਨਾਕਾਮ ਕਰ ਦਿੱਤੀ। ਪੁਲਸ ਨੇ ਆਜ਼ਾਦੀ ਦਿਵਸ ਦੌਰਾਨ ਹਮਲਾ ਕਰਨ ਦੀ ਯੋਜਨਾ ਬਣਾਉਣ ਵਾਲੇ ਦੋ ਸ਼ੱਕੀ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਵਿਸਫੋਟਕ ਬਰਾਮਦ ਕੀਤੇ ਹਨ। ਇਹ ਕਾਰਵਾਈ ਵੀਰਵਾਰ ਸ਼ਾਮ ਨੂੰ ਉੱਤਰੀ ਤ੍ਰਿਪੁਰਾ ਦੇ ਵਾਂਗਮੁਨ ਇਲਾਕੇ ਵਿੱਚ ਅੰਜ਼ਾਮ ਦਿੱਤੀ ਗਈ।
ਵਿਸਫੋਟਕ ਸਮੇਤ ਦੋ ਮੈਂਬਰ ਗ੍ਰਿਫ਼ਤਾਰ
ਪੁਲਸ ਸੁਪਰਡੈਂਟ ਅਵਿਨਾਸ਼ ਕੁਮਾਰ ਰਾਏ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀ ਨਵੇਂ ਬਣੇ ਸੰਗਠਨ “ਤ੍ਰਿਪੁਰਾ ਯੂਨਾਈਟਿਡ ਨੈਸ਼ਨਲ ਫੋਰਸ” (TUNF) ਦੇ ਮੈਂਬਰ ਹਨ। ਉਨ੍ਹਾਂ ਦੇ ਵਾਹਨ ਵਿੱਚੋਂ 14 ਇਲੈਕਟ੍ਰਿਕ ਵਿਸਫੋਟਕ ਅਤੇ ਨਿਓਜੇਲ ਵਿਸਫੋਟਕ ਬਰਾਮਦ ਕੀਤੇ ਗਏ। ਸ਼ੱਕੀ ਲੋਕਾਂ ਦੀ ਪਛਾਣ — ਅਸਾਮ ਦੇ ਕਟਲੀਚੇਰਾ ਦੇ ਧਨੰਜੈ ਰਿਆਂਗ ਅਤੇ ਉੱਤਰੀ ਤ੍ਰਿਪੁਰਾ ਦੇ ਦਮਚੇਰਾ ਸਥਿਤ ਕਾਸਕੋ ਦੇ ਸਦਾਈ ਨੰਦਾ ਰਿਆਂਗ ਵਜੋਂ ਹੋਈ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਲੋਕ ਸੂਬੇ ਵਿੱਚ ਅਸਥਿਰਤਾ ਪੈਦਾ ਕਰਨ ਦੀ ਯੋਜਨਾ ਤਿਆਰ ਕਰ ਰਹੇ ਸਨ। ਉਨ੍ਹਾਂ ਦਾ ਮਨੋਰਥ ਸੀ ਕਿ ਆਜ਼ਾਦੀ ਦਿਵਸ ਦੇ ਜਸ਼ਨਾਂ ਤੋਂ ਪਹਿਲਾਂ ਪੁਲਸ ਅਧਿਕਾਰੀਆਂ ਨੂੰ ਨੁਕਸਾਨ ਪਹੁੰਚਾਇਆ ਜਾਵੇ, ਪੁਲਸ ਵਾਹਨਾਂ ਨੂੰ ਤਬਾਹ ਕੀਤਾ ਜਾਵੇ ਅਤੇ ਹਥਿਆਰਾਂ ਤੇ ਗੋਲਾ-ਬਾਰੂਦ ਨੂੰ ਲੁੱਟਿਆ ਜਾਵੇ।
ਅਵਿਨਾਸ਼ ਕੁਮਾਰ ਰਾਏ ਨੇ ਕਿਹਾ ਕਿ ਪੁਲਸ ਦੀ ਤੁਰੰਤ ਕਾਰਵਾਈ ਕਾਰਨ ਇੱਕ ਵੱਡੀ ਤਰਾਸਦੀ ਤੋਂ ਬਚਾਅ ਹੋ ਗਿਆ ਹੈ ਅਤੇ ਸੂਬੇ ਵਿੱਚ ਸ਼ਾਂਤੀ ਕਾਇਮ ਰੱਖਣ ਵਿੱਚ ਸਫਲਤਾ ਮਿਲੀ ਹੈ।