ਚੰਡੀਗੜ੍ਹ :- 328 ਸਰੂਪਾਂ ਨਾਲ ਜੁੜੇ ਮਾਮਲੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅੱਜ ਪਾਰਟੀ ਦੀ ਕੋਰ ਕਮੇਟੀ ਪਹਿਲਾਂ ਅੰਦਰੂਨੀ ਮੀਟਿੰਗ ਲਈ ਬੈਠੀ, ਜਿਸ ਤੋਂ ਬਾਅਦ ਪੂਰੀ ਲੀਡਰਸ਼ਿਪ ਸਿੱਧੀ ਪੰਜਾਬ ਪੁਲਿਸ ਦੇ ਡੀਜੀਪੀ ਦਫ਼ਤਰ ਵਿਖੇ ਪਹੁੰਚੀ।
ਡੀਜੀਪੀ ਨਾਲ ਮੁਲਾਕਾਤ ਦੌਰਾਨ ਤਿੱਖਾ ਸੁਨੇਹਾ
ਡੀਜੀਪੀ ਦਫ਼ਤਰ ਵਿੱਚ ਹੋਈ ਮੁਲਾਕਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਜੇ ਕਿਸੇ ਕਿਸਮ ਦੀ ਕਾਨੂੰਨੀ ਕਾਰਵਾਈ ਕਰਨੀ ਹੈ ਤਾਂ ਉਹਨਾਂ ’ਤੇ ਹੀ ਕੀਤੀ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਜਾਂਚ ਤੋਂ ਭੱਜਣ ਵਾਲੀ ਨਹੀਂ ਅਤੇ ਜਦੋਂ ਤੱਕ ਕੋਈ ਕਾਰਵਾਈ ਨਹੀਂ ਹੁੰਦੀ, ਉਹ ਸਭ ਇੱਥੇ ਮੌਜੂਦ ਰਹਿਣਗੇ।
“ਮੈਨੂੰ ਗ੍ਰਿਫ਼ਤਾਰ ਕਰੋ, ਪਰ ਹੋਰਾਂ ਨੂੰ ਨਾ ਤੰਗ ਕਰੋ”
ਪਾਰਟੀ ਪ੍ਰਧਾਨ ਨੇ ਕਿਹਾ ਕਿ ਉਹ ਖੁਦ ਗ੍ਰਿਫ਼ਤਾਰੀ ਦੇਣ ਲਈ ਤਿਆਰ ਹਨ ਅਤੇ ਚਾਹੁੰਦੇ ਹਨ ਕਿ ਉਨ੍ਹਾਂ ’ਤੇ ਪਰਚਾ ਦਰਜ ਕਰਕੇ ਨਿਰਪੱਖ ਜਾਂਚ ਕੀਤੀ ਜਾਵੇ। ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਜੋ ਵੀ ਕਦਮ ਚੁੱਕਣਾ ਚਾਹੁੰਦੀ ਹੈ, ਉਹ ਉਨ੍ਹਾਂ ਤੱਕ ਸੀਮਿਤ ਰੱਖੇ ਅਤੇ ਕਿਸੇ ਹੋਰ ਨੂੰ ਬਿਨਾਂ ਵਜ੍ਹਾ ਤੰਗ-ਪਰੇਸ਼ਾਨ ਨਾ ਕੀਤਾ ਜਾਵੇ।
328 ਸਰੂਪ ਮਾਮਲੇ ਨੇ ਫਿਰ ਤੇਜ ਕੀਤੀ ਸਿਆਸਤ
ਡੀਜੀਪੀ ਦਫ਼ਤਰ ਪਹੁੰਚੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਇਹ ਕਦਮਬੰਦੀ 328 ਸਰੂਪਾਂ ਦੇ ਮਾਮਲੇ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਧਿਰ ਦਰਮਿਆਨ ਵਧ ਰਹੇ ਟਕਰਾਅ ਵੱਲ ਇਸ਼ਾਰਾ ਕਰਦੀ ਹੈ। ਇਸ ਪੂਰੇ ਮਾਮਲੇ ’ਤੇ ਹੁਣ ਸਭ ਦੀਆਂ ਨਜ਼ਰਾਂ ਪ੍ਰਸ਼ਾਸਨ ਦੀ ਅਗਲੀ ਕਾਰਵਾਈ ’ਤੇ ਟਿਕੀਆਂ ਹੋਈਆਂ ਹਨ।

