ਜਾਲੰਧਰ :- ਪੰਜਾਬ ਸਰਕਾਰ ਵੱਲੋਂ ਨਸ਼ੇ ਵਿਰੁੱਧ ਚਲਾਈ ਜਾ ਰਹੀ ਜੰਗ ਹੋਰ ਤੇਜ਼ ਹੋ ਗਈ ਹੈ। ਹੁਣ ਨਾ ਸਿਰਫ਼ ਪੁਲਿਸ, ਬਲਕਿ ਆਮ ਲੋਕ ਵੀ ਤਸਕਰਾਂ ਖ਼ਿਲਾਫ਼ ਜਾਣਕਾਰੀ ਦੇ ਕੇ ਇਸ ਮੁਹਿੰਮ ਦਾ ਹਿੱਸਾ ਬਣ ਰਹੇ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜਾਲੰਧਰ ਵਿਖੇ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪਿਮਸ) ਦੇ ਦੌਰੇ ਦੌਰਾਨ ਇਹ ਗੱਲਾਂ ਕਹੀਆਂ । ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜਾਲੰਧਰ ਵਿਖੇ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪਿਮਸ) ਦੇ ਦੌਰੇ ਦੌਰਾਨ ਇਹ ਗੱਲਾਂ ਕਹੀਆਂ
ਮਾਪੇ ਖ਼ੁਦ ਕਰਵਾ ਰਹੇ ਬੱਚਿਆਂ ਦਾ ਦਾਖ਼ਲਾ ਨਸ਼ਾ ਮੁਕਤੀ ਕੇਂਦਰਾਂ ਵਿੱਚ
ਡਾ. ਸਿੰਘ ਨੇ ਕਿਹਾ ਕਿ ਸਰਕਾਰ ਨੇ ਨਸ਼ਾ ਛੱਡਣ ਵਾਲੇ ਲੋਕਾਂ ਲਈ ਖ਼ਾਸ ਪ੍ਰਬੰਧ ਕੀਤੇ ਹਨ। ਹੁਣ ਮਾਪੇ ਖ਼ੁਦ ਆਪਣੇ ਬੱਚਿਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਲੈ ਕੇ ਆ ਰਹੇ ਹਨ। ਦੂਜੇ ਪਾਸੇ, ਤਸਕਰ ਪੰਜਾਬ ਛੱਡ ਕੇ ਭੱਜ ਰਹੇ ਹਨ। ਉਨ੍ਹਾਂ ਦੱਸਿਆ ਕਿ ਨਸ਼ਾ ਛੱਡਣ ਵਾਲਿਆਂ ਨੂੰ ਟ੍ਰੇਨਿੰਗ ਦੇਣ ਦੀ ਘਾਟ ਪੂਰੀ ਕਰ ਦਿੱਤੀ ਗਈ ਹੈ ਅਤੇ ਮੈਡੀਕਲ ਅਧਿਕਾਰੀਆਂ ਨੂੰ ਵੀ ਖ਼ਾਸ ਸਿਖਲਾਈ ਦਿੱਤੀ ਜਾ ਰਹੀ ਹੈ।
ਆਯੁਸ਼ਮਾਨ ਸਕੀਮ ਦਾ ਲਾਭ ਹੁਣ ਪੂਰੇ ਪਰਿਵਾਰ ਲਈ
ਸਿਹਤ ਮੰਤਰੀ ਨੇ ਕਿਹਾ ਕਿ ਆਯੁਸ਼ਮਾਨ ਸਕੀਮ ਵਿੱਚ ਹੋਏ ਨਵੇਂ ਬਦਲਾਵ ਕਾਰਨ ਹੁਣ ਪੂਰਾ ਪਰਿਵਾਰ ਇਸ ਯੋਜਨਾ ਦਾ ਲਾਭ ਲੈ ਸਕੇਗਾ। ਇਸ ਨਾਲ 65 ਲੱਖ ਪੰਜਾਬੀ ਮੁਫ਼ਤ ਇਲਾਜ ਲਈ ਹਸਪਤਾਲਾਂ ਦਾ ਰੁਖ ਕਰ ਸਕਣਗੇ। ਸਿਵਲ ਹਸਪਤਾਲਾਂ ਵਿੱਚ ਆਈਆਂ ਖਾਮੀਆਂ ਨੂੰ ਦੂਰ ਕਰਨ ਲਈ ਵਿਸ਼ੇਸ਼ ਕਮੇਟੀਆਂ ਬਣਾਈਆਂ ਗਈਆਂ ਹਨ।
ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਜਿਮ, ਰੋਜ਼ਗਾਰ ਤੇ ਜਾਗਰੂਕਤਾ ਪ੍ਰੋਗਰਾਮ
ਡਾ. ਸਿੰਘ ਨੇ ਦੱਸਿਆ ਕਿ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੁਲਿਸ ਕਾਰਵਾਈ ਦੇ ਨਾਲ-ਨਾਲ ਸਕੂਲਾਂ ਵਿੱਚ ਜਾਗਰੂਕਤਾ ਪ੍ਰੋਗਰਾਮ ਚਲਾਏ ਜਾ ਰਹੇ ਹਨ। ਪਾਰਕਾਂ ਵਿੱਚ ਜਿਮ ਖੋਲ੍ਹ ਕੇ ਨੌਜਵਾਨਾਂ ਦਾ ਧਿਆਨ ਸਿਹਤ ਵੱਲ ਮੋੜਿਆ ਜਾ ਰਿਹਾ ਹੈ ਅਤੇ ਨਸ਼ਾ ਛੱਡਣ ਵਾਲਿਆਂ ਨੂੰ ਰੋਜ਼ਗਾਰ ਦੇਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।