ਚੰਡੀਗੜ੍ਹ :- ਪੰਜਾਬ ਸਟੇਟ ਮਿਡ-ਡੇ ਮੀਲ ਸੁਸਾਇਟੀ ਨੇ ਪ੍ਰਧਾਨ ਮੰਤਰੀ ਪੋਸ਼ਣ ਸਕੀਮ ਤਹਿਤ ਸਰਕਾਰੀ ਸਕੂਲਾਂ ਵਿੱਚ ਦਿੱਤੇ ਜਾਣ ਵਾਲੇ ਦੁਪਹਿਰ ਦੇ ਖਾਣੇ ਨੂੰ ਲੈ ਕੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਸੁਸਾਇਟੀ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰਾਂ (ਸੈਕੰਡਰੀ ਅਤੇ ਐਲੀਮੈਂਟਰੀ) ਨੂੰ ਭੇਜੇ ਪੱਤਰ ਅਨੁਸਾਰ ਨਵਾਂ ਹਫ਼ਤਾਵਾਰੀ ਮੈਨਿਊ 1 ਤੋਂ 28 ਫਰਵਰੀ ਤੱਕ ਲਾਗੂ ਰਹੇਗਾ, ਜਿਸ ਦੀ ਪਾਲਣਾ ਹਰ ਸਕੂਲ ਲਈ ਲਾਜ਼ਮੀ ਹੋਵੇਗੀ।
ਕਤਾਰਬੱਧ ਬੈਠਕ ਅਤੇ ਨਿਗਰਾਨੀ ਲਾਜ਼ਮੀ
ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਕਤਾਰਾਂ ਵਿੱਚ ਬਿਠਾ ਕੇ ਮਿਡ-ਡੇ ਮੀਲ ਇੰਚਾਰਜ ਦੀ ਸਿੱਧੀ ਦੇਖਰੇਖ ਹੇਠ ਹੀ ਖਾਣਾ ਪਰੋਸਿਆ ਜਾਵੇ। ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਸਿਰਫ਼ ਨਿਰਧਾਰਤ ਮੈਨਿਊ ਅਨੁਸਾਰ ਹੀ ਖਾਣਾ ਤਿਆਰ ਅਤੇ ਵੰਡਿਆ ਜਾਵੇ, ਤਾਂ ਜੋ ਸਕੀਮ ਦੀ ਗੁਣਵੱਤਾ ਅਤੇ ਸਿਹਤ ਮਾਪਦੰਡ ਬਣੇ ਰਹਿਣ।
ਉਲੰਘਣਾ ਹੋਈ ਤਾਂ ਸਕੂਲ ਮੁਖੀ ਜ਼ਿੰਮੇਵਾਰ
ਪੱਤਰ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕਿਸੇ ਵੀ ਸਕੂਲ ਵਿੱਚ ਮੈਨਿਊ ਤੋਂ ਹਟ ਕੇ ਖਾਣਾ ਬਣਾਇਆ ਜਾਂਦਾ ਹੈ ਜਾਂ ਜਾਰੀ ਨਿਰਦੇਸ਼ਾਂ ਦੀ ਅਣਦੇਖੀ ਕੀਤੀ ਜਾਂਦੀ ਹੈ, ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸੰਬੰਧਿਤ ਸਕੂਲ ਮੁਖੀ ਉੱਤੇ ਹੋਵੇਗੀ। ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
‘ਮਹਿਮਾਨ ਭੋਜਨ’ ਨੂੰ ਮਿਲੇਗਾ ਉਤਸ਼ਾਹ
ਸੁਸਾਇਟੀ ਨੇ ‘ਮਹਿਮਾਨ ਭੋਜਨ’ ਸੰਕਲਪ ਨੂੰ ਵੀ ਪ੍ਰੋਤਸਾਹਨ ਦੇਣ ਲਈ ਕਿਹਾ ਹੈ। ਨਿਰਦੇਸ਼ਾਂ ਅਨੁਸਾਰ ਪਿੰਡ ਦੇ ਸਰਪੰਚਾਂ ਜਾਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਤਿਉਹਾਰਾਂ ਜਾਂ ਵਿਸ਼ੇਸ਼ ਮੌਕਿਆਂ ’ਤੇ ਵਿਦਿਆਰਥੀਆਂ ਨੂੰ ਆਮ ਖਾਣੇ ਦੇ ਨਾਲ-ਨਾਲ ਖਾਸ ਭੋਜਨ, ਫਲ ਜਾਂ ਮਿਠਾਈ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ।
ਫਰਵਰੀ ਮਹੀਨੇ ਲਈ ਹਫ਼ਤਾਵਾਰੀ ਮੈਨਿਊ
-
ਸੋਮਵਾਰ: ਦਾਲ ਅਤੇ ਰੋਟੀ
-
ਮੰਗਲਵਾਰ: ਰਾਜਮਾਂਹ, ਚੌਲ ਅਤੇ ਖੀਰ
-
ਬੁੱਧਵਾਰ: ਕਾਲੇ ਜਾਂ ਚਿੱਟੇ ਛੋਲੇ (ਆਲੂ ਮਿਲਾ ਕੇ) ਅਤੇ ਪੂੜੀ ਜਾਂ ਰੋਟੀ
-
ਵੀਰਵਾਰ: ਕੜ੍ਹੀ (ਆਲੂ ਤੇ ਪਿਆਜ਼ ਦਿਆਂ ਪਕੌੜੀਆਂ ਸਮੇਤ) ਅਤੇ ਚੌਲ
-
ਸ਼ੁੱਕਰਵਾਰ: ਮੌਸਮੀ ਸਬਜ਼ੀ ਅਤੇ ਰੋਟੀ
-
ਸ਼ਨੀਵਾਰ: ਸਾਬਤ ਮਾਹ ਦੀ ਦਾਲ, ਚੌਲ ਅਤੇ ਮੌਸਮੀ ਫਲ (ਕੇਵਲ ਕਿੰਨੂ)
ਸੁਸਾਇਟੀ ਦਾ ਕਹਿਣਾ ਹੈ ਕਿ ਨਵੇਂ ਨਿਰਦੇਸ਼ਾਂ ਨਾਲ ਸਕੂਲਾਂ ਵਿੱਚ ਮਿਡ-ਡੇ ਮੀਲ ਦੀ ਗੁਣਵੱਤਾ ਹੋਰ ਸੁਧਰੇਗੀ ਅਤੇ ਵਿਦਿਆਰਥੀਆਂ ਨੂੰ ਸੰਤੁਲਿਤ ਪੋਸ਼ਣ ਮਿਲਣਾ ਯਕੀਨੀ ਬਣਾਇਆ ਜਾ ਸਕੇਗਾ।

