ਭੁਵਨੇਸ਼ਵਰ :- ਕੁਝ ਦਿਨ ਪਹਿਲਾਂ ਇੱਕ ਬੇਕਾਬੂ ਪਾਗਲ ਕੁੱਤੇ ਦੇ ਹਮਲੇ ‘ਚ ਜ਼ਖ਼ਮੀ ਹੋਏ ਰਾਸ਼ਟਰੀ ਪੱਧਰ ਦੇ ਪੈਰਾ-ਐਥਲੀਟ ਸਮੇਤ ਦੋ ਲੋਕਾਂ ਦੀ ਰੇਬੀਜ਼ ਨਾਲ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 33 ਸਾਲਾ ਜੋਗਿੰਦਰ ਛੱਤਰੀਆ ਅਤੇ 48 ਸਾਲਾ ਕਿਸਾਨ ਰਿਸ਼ੀਕੇਸ਼ ਰਾਣਾ ਸ਼ਾਮਲ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, 23 ਜੁਲਾਈ ਨੂੰ ਇੱਕ ਕੁੱਤੇ ਨੇ ਦਿਨ ਭਰ ਦੌਰਾਨ ਵੱਖ-ਵੱਖ ਸਥਾਨਾਂ ‘ਤੇ ਛੇ ਲੋਕਾਂ ਨੂੰ ਕੱਟਿਆ ਸੀ, ਜਿਨ੍ਹਾਂ ਵਿੱਚ ਸਕੂਲੀ ਬੱਚੇ ਵੀ ਸ਼ਾਮਲ ਸਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਕੁੱਤੇ ਨੇ ਬਿਨਾਂ ਕਿਸੇ ਭੜਕਾਹਟ ਦੇ ਹਮਲਾ ਕੀਤਾ ਸੀ। ਹਮਲੇ ‘ਚ ਜੋਗਿੰਦਰ ਛੱਤਰੀਆਂ ਦੇ ਚਿਹਰੇ ‘ਤੇ ਗੰਭੀਰ ਸੱਟਾਂ ਆਈਆਂ ਸਨ।
ਇਲਾਜ ਦੇ ਬਾਵਜੂਦ ਬਚਾਇਆ ਨਾ ਜਾ ਸਕਿਆ
ਡਾਕਟਰੀ ਅਧਿਕਾਰੀਆਂ ਮੁਤਾਬਕ, ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਨ ਤੋਂ ਬਾਅਦ ਤੁਰੰਤ ਰੇਬੀਜ਼ ਵਿਰੋਧੀ ਟੀਕੇ ਲਗਾਏ ਗਏ ਸਨ। ਜੋਗਿੰਦਰ ਛੱਤਰੀਆ ਨੂੰ ਪਹਿਲੀ ਖੁਰਾਕ 23 ਜੁਲਾਈ ਨੂੰ ਦਿੱਤੀ ਗਈ ਸੀ ਅਤੇ ਬਾਅਦ ਵਿੱਚ ਹੋਰ ਖੁਰਾਕਾਂ ਵੀ ਦਿੱਤੀਆਂ ਗਈਆਂ। ਪਰ ਚਿਹਰੇ ‘ਤੇ ਕੱਟ ਲੱਗਣ ਕਾਰਨ ਇਨਫੈਕਸ਼ਨ ਬਹੁਤ ਤੇਜ਼ੀ ਨਾਲ ਫੈਲਿਆ ਅਤੇ ਇਲਾਜ ਦੇ ਬਾਵਜੂਦ ਦੋਵੇਂ ਪੀੜਤਾਂ ਦੀ ਹਾਲਤ ਖਰਾਬ ਹੁੰਦੀ ਗਈ।
ਸਿਹਤ ਅਧਿਕਾਰੀਆਂ ਵੱਲੋਂ ਚੌਕਸੀ ਦੀ ਅਪੀਲ
ਭੀਮਾ ਭੋਈ ਮੈਡੀਕਲ ਕਾਲਜ ਦੇ ਸੁਪਰਡੈਂਟ ਨੇ ਦੱਸਿਆ ਕਿ ਮੌਤ ਤੋਂ ਪਹਿਲਾਂ ਦੋਵੇਂ ਮਰੀਜ਼ਾਂ ‘ਚ ਰੇਬੀਜ਼ ਦੇ ਪੂਰੇ ਲੱਛਣ ਨਜ਼ਰ ਆਏ ਸਨ। ਜੋਗਿੰਦਰ ਛੱਤਰੀਆ ਰਾਸ਼ਟਰੀ ਫਲੋਰਬਾਲ ਮੁਕਾਬਲਿਆਂ ‘ਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਸਨ ਅਤੇ ਪੈਰਾ-ਐਥਲੈਟਿਕਸ ਵਿੱਚ ਆਪਣੀਆਂ ਪ੍ਰਾਪਤੀਆਂ ਲਈ ਜਾਣੇ ਜਾਂਦੇ ਸਨ। ਵਧਦੀਆਂ ਕੁੱਤਾ ਹਮਲਿਆਂ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਸਿਹਤ ਵਿਭਾਗ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਮਨੁੱਖਾਂ ਤੇ ਜਾਨਵਰਾਂ ਦੋਵਾਂ ਨੂੰ ਸਮੇਂ ਸਿਰ ਰੇਬੀਜ਼ ਵਿਰੋਧੀ ਟੀਕੇ ਲਗਾਉਣ ਦੀ ਅਪੀਲ ਕੀਤੀ ਹੈ।