ਲੁਧਿਆਣਾ :- ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚੌਂਕੀਮਾਨ ਨਾਲ ਸਬੰਧਤ ਨੌਜਵਾਨ ਏਕਮਵੀਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਜੈਸਮੀਨ ਕੌਰ ਦੀ ਕੈਨੇਡਾ ਦੇ ਸ਼ਹਿਰ ਕੈਲਗਰੀ ਵਿੱਚ ਗੋਲੀਆਂ ਲੱਗਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਕੈਲਗਰੀ ਦੇ ਰੈੱਡਸਟੋਨ ਇਲਾਕੇ (ਨੌਰਥ ਈਸਟ) ਵਿੱਚ ਵਾਪਰੀ, ਜਿਸ ਨਾਲ ਉਥੇ ਰਹਿੰਦੇ ਭਾਰਤੀ ਭਾਈਚਾਰੇ ਵਿੱਚ ਹੜਕੰਪ ਮਚ ਗਿਆ।
ਕਤਲ ਦੀ ਆਸ਼ੰਕਾ, ਪੁਲਸ ਜਾਂਚ ਜਾਰੀ
ਸ਼ੁਰੂਆਤੀ ਜਾਣਕਾਰੀ ਮੁਤਾਬਕ ਮਾਮਲੇ ਨੂੰ ਸ਼ੱਕੀ ਹਾਲਾਤਾਂ ਹੇਠ ਹੋਇਆ ਕਤਲ ਮੰਨ ਕੇ ਦੇਖਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਕੈਨੇਡਾ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਇਲਾਕੇ ਨੂੰ ਘੇਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ ਪੁਲਸ ਵੱਲੋਂ ਅਜੇ ਤੱਕ ਮੌਤ ਦੇ ਕਾਰਨਾਂ ਜਾਂ ਹਮਲਾਵਰਾਂ ਸਬੰਧੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ।
ਪੰਜਾਬ ‘ਚ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਜਿਵੇਂ ਹੀ ਇਹ ਮਨਹੂਸ ਖ਼ਬਰ ਪਿੰਡ ਚੌਂਕੀਮਾਨ ਪਹੁੰਚੀ, ਪਰਿਵਾਰ ਵਿੱਚ ਕੋਹਰਾਮ ਮਚ ਗਿਆ। ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵਿੱਚ ਡੂੰਘਾ ਸੋਗ ਪਾਇਆ ਜਾ ਰਿਹਾ ਹੈ। ਪਿੰਡ ‘ਚ ਹਰ ਕੋਈ ਇਸ ਘਟਨਾ ਨੂੰ ਲੈ ਕੇ ਸਹਿਮਿਆ ਹੋਇਆ ਹੈ ਅਤੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।

