ਨਵੀਂ ਦਿੱਲੀ :- ਵਿਸ਼ਵ ਸਿਹਤ ਸੰਸਥਾ (WHO) ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਵਿੱਚ ਨਿਪਾਹ ਵਾਇਰਸ ਦੇ ਮੌਜੂਦਾ ਮਾਮਲਿਆਂ ਨਾਲ ਕਿਸੇ ਵੱਡੇ ਫੈਲਾਅ ਦੀ ਸੰਭਾਵਨਾ ਨਹੀਂ ਹੈ ਅਤੇ ਫਿਲਹਾਲ ਨਾ ਤਾਂ ਯਾਤਰਾ ਤੇ ਨਾ ਹੀ ਵਪਾਰ ਸੰਬੰਧੀ ਕਿਸੇ ਕਿਸਮ ਦੀ ਪਾਬੰਦੀ ਲਗਾਉਣ ਦੀ ਲੋੜ ਹੈ।
ਪੱਛਮੀ ਬੰਗਾਲ ਤੋਂ ਸਾਹਮਣੇ ਆਏ ਦੋ ਪੁਸ਼ਟੀਸ਼ੁਦਾ ਮਾਮਲੇ
WHO ਵੱਲੋਂ ਜਾਰੀ ਕੀਤੀ ਗਈ ਸਥਿਤੀ ਰਿਪੋਰਟ ਮੁਤਾਬਕ ਨਿਪਾਹ ਵਾਇਰਸ ਦੇ ਦੋ ਮਾਮਲੇ ਪੱਛਮੀ ਬੰਗਾਲ ਦੇ ਨੌਰਥ 24 ਪਰਗਨਾ ਜ਼ਿਲ੍ਹੇ ਵਿੱਚ ਦਰਜ ਹੋਏ ਹਨ, ਜਿੱਥੇ ਦੋਵੇਂ ਮਰੀਜ਼ ਬਿਮਾਰੀ ਦੇ ਦੌਰਾਨ ਜ਼ਿਲ੍ਹੇ ਦੀ ਹੱਦ ਤੋਂ ਬਾਹਰ ਨਹੀਂ ਗਏ, ਜਿਸ ਕਾਰਨ ਵਾਇਰਸ ਦੇ ਹੋਰ ਇਲਾਕਿਆਂ ਤੱਕ ਫੈਲਣ ਦੀ ਸੰਭਾਵਨਾ ਘੱਟ ਮੰਨੀ ਜਾ ਰਹੀ ਹੈ।
ਮਨੁੱਖ ਤੋਂ ਮਨੁੱਖ ਸੰਕਰਮਣ ਦੇ ਸਬੂਤ ਨਹੀਂ
ਸੰਸਥਾ ਨੇ ਦੱਸਿਆ ਹੈ ਕਿ ਮੌਜੂਦਾ ਮਾਮਲਿਆਂ ਨਾਲ ਜੁੜੀ ਅਜਿਹੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ, ਜੋ ਇਹ ਦਰਸਾਵੇ ਕਿ ਨਿਪਾਹ ਵਾਇਰਸ ਮਨੁੱਖ ਤੋਂ ਮਨੁੱਖ ਵੱਡੇ ਪੱਧਰ ‘ਤੇ ਫੈਲ ਰਿਹਾ ਹੈ, ਇਸ ਲਈ ਰਾਸ਼ਟਰੀ, ਖੇਤਰੀ ਅਤੇ ਵਿਸ਼ਵ ਪੱਧਰ ‘ਤੇ ਖ਼ਤਰਾ ਹਾਲੇ ਘੱਟ ਦਰਜੇ ਦਾ ਹੈ।
ਯਾਤਰਾ ਜਾਂ ਵਪਾਰ ‘ਤੇ ਕੋਈ ਰੋਕ ਨਹੀਂ
WHO ਨੇ ਕਿਹਾ ਹੈ ਕਿ ਮੌਜੂਦਾ ਜਾਂਚ ਅਤੇ ਤੱਥਾਂ ਦੇ ਆਧਾਰ ‘ਤੇ ਕਿਸੇ ਵੀ ਦੇਸ਼ ਲਈ ਭਾਰਤ ਨਾਲ ਯਾਤਰਾ ਜਾਂ ਵਪਾਰਕ ਗਤੀਵਿਧੀਆਂ ਰੋਕਣ ਦੀ ਸਿਫ਼ਾਰਸ਼ ਨਹੀਂ ਕੀਤੀ ਗਈ, ਹਾਲਾਂਕਿ ਕੁਝ ਦੇਸ਼ਾਂ ਵੱਲੋਂ ਸਾਵਧਾਨੀ ਵਜੋਂ ਸਿਹਤ ਜਾਂਚ ਵਧਾਈ ਗਈ ਹੈ।
ਨਿਪਾਹ ਵਾਇਰਸ ਕੀ ਹੈ
ਨਿਪਾਹ ਇੱਕ ਜੂਨੋਟਿਕ ਵਾਇਰਸ ਹੈ ਜੋ ਆਮ ਤੌਰ ‘ਤੇ ਫਲ ਖਾਣ ਵਾਲੇ ਚਮਗਾਦੜਾਂ ਰਾਹੀਂ ਮਨੁੱਖਾਂ ਤੱਕ ਪਹੁੰਚਦਾ ਹੈ ਅਤੇ ਇਹ ਸੰਕਰਮਿਤ ਖਾਦ ਪਦਾਰਥ, ਜਾਨਵਰ ਜਾਂ ਬਿਮਾਰ ਵਿਅਕਤੀ ਨਾਲ ਨਜ਼ਦੀਕੀ ਸੰਪਰਕ ਰਾਹੀਂ ਫੈਲ ਸਕਦਾ ਹੈ।
ਉੱਚ ਮੌਤ ਦਰ ਕਾਰਨ ਚਿੰਤਾ ਦਾ ਵਿਸ਼ਾ
ਮਾਹਿਰਾਂ ਅਨੁਸਾਰ ਨਿਪਾਹ ਵਾਇਰਸ ਦੀ ਮੌਤ ਦਰ 40 ਤੋਂ 75 ਫੀਸਦੀ ਤੱਕ ਹੋ ਸਕਦੀ ਹੈ, ਜੋ ਇਲਾਜ ਦੀ ਸਮੇਂਸਰ ਉਪਲਬਧਤਾ ਅਤੇ ਮਰੀਜ਼ ਦੀ ਸਿਹਤ ਸਥਿਤੀ ‘ਤੇ ਨਿਰਭਰ ਕਰਦੀ ਹੈ, ਇਸੇ ਕਾਰਨ ਇਸ ਵਾਇਰਸ ਨੂੰ ਗੰਭੀਰ ਮੰਨਿਆ ਜਾਂਦਾ ਹੈ।
ਸ਼ੁਰੂਆਤੀ ਲੱਛਣ ਆਮ ਬੁਖ਼ਾਰ ਵਰਗੇ
ਨਿਪਾਹ ਵਾਇਰਸ ਦੇ ਆਰੰਭਕ ਲੱਛਣਾਂ ਵਿੱਚ ਬੁਖ਼ਾਰ, ਸਿਰ ਦਰਦ, ਮਾਸਪੇਸ਼ੀਆਂ ਦਾ ਦਰਦ ਅਤੇ ਥਕਾਵਟ ਸ਼ਾਮਲ ਹੁੰਦੇ ਹਨ, ਜਦਕਿ ਗੰਭੀਰ ਹਾਲਤ ਵਿੱਚ ਦਿਮਾਗੀ ਸੁਜਨ, ਦੌਰੇ, ਸਾਹ ਦੀ ਦਿੱਕਤ ਅਤੇ ਕੋਮਾ ਤੱਕ ਦੀ ਸਥਿਤੀ ਬਣ ਸਕਦੀ ਹੈ।
ਟੀਕਾ ਜਾਂ ਖ਼ਾਸ ਦਵਾਈ ਹਾਲੇ ਮੌਜੂਦ ਨਹੀਂ
ਫਿਲਹਾਲ ਨਿਪਾਹ ਵਾਇਰਸ ਵਿਰੁੱਧ ਕੋਈ ਮਨਜ਼ੂਰਸ਼ੁਦਾ ਟੀਕਾ ਜਾਂ ਨਿਸ਼ਚਿਤ ਇਲਾਜ ਉਪਲਬਧ ਨਹੀਂ ਹੈ ਅਤੇ ਮਰੀਜ਼ਾਂ ਦਾ ਇਲਾਜ ਮੁੱਖ ਤੌਰ ‘ਤੇ ਲੱਛਣਾਂ ਦੇ ਅਧਾਰ ‘ਤੇ ਸਹਾਇਕ ਢੰਗ ਨਾਲ ਕੀਤਾ ਜਾਂਦਾ ਹੈ, ਹਾਲਾਂਕਿ ਵਿਸ਼ਵ ਪੱਧਰ ‘ਤੇ ਟੀਕਾ ਵਿਕਾਸ ਲਈ ਰਿਸਰਚ ਜਾਰੀ ਹੈ।

