ਫਤਿਹਗੜ੍ਹ ਸਾਹਿਬ :- ਵਿੱਚ ਬੀਤੀ ਦੇਰ ਰਾਤ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਭਿਆਨਕ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਧਮਾਕਾ ਇੰਨਾ ਤੇਜ਼ ਸੀ ਕਿ ਕਈ ਘਰਾਂ ਦੇ ਦਰਵਾਜ਼ੇ ਅਤੇ ਸ਼ੀਸ਼ੇ ਤੱਕ ਹਿੱਲ ਗਏ। ਅਚਾਨਕ ਆਈ ਇਸ ਗੂੰਜ ਨਾਲ ਲੋਕ ਨੀਂਦ ਤੋਂ ਜਾਗ ਪਏ ਅਤੇ ਕਈ ਥਾਵਾਂ ‘ਤੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ।
40–50 ਕਿਲੋਮੀਟਰ ਤੱਕ ਸੁਣੀ ਗਈ ਆਵਾਜ਼
ਧਮਾਕੇ ਦੀ ਆਵਾਜ਼ ਸਿਰਫ਼ ਫਤਿਹਗੜ੍ਹ ਸਾਹਿਬ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਅਮਲੋਹ, ਗੋਵਿੰਦਗੜ੍ਹ, ਖੰਨਾ, ਪਾਇਲ ਅਤੇ ਸਮਰਾਲਾ ਤੱਕ ਲੋਕਾਂ ਨੇ ਇਹ ਤੇਜ਼ ਗੂੰਜ ਮਹਿਸੂਸ ਕੀਤੀ। ਕਈ ਵਸਨੀਕਾਂ ਨੇ ਦੱਸਿਆ ਕਿ ਪਹਿਲੀ ਵਾਰ ਇੰਨੀ ਦੂਰ ਤੱਕ ਇੱਕੋ ਸਮੇਂ ਅਜਿਹੀ ਆਵਾਜ਼ ਸੁਣੀ ਗਈ ਹੈ।
ਸੋਸ਼ਲ ਮੀਡੀਆ ‘ਤੇ ਬਣੀ ਚਰਚਾ ਦਾ ਕੇਂਦਰ
ਧਮਾਕੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੀ ਰਾਤ ਭਰ ਚਰਚਾ ਚੱਲਦੀ ਰਹੀ। ਵੱਖ-ਵੱਖ ਇਲਾਕਿਆਂ ਤੋਂ ਲੋਕ ਇਕ ਦੂਜੇ ਨੂੰ ਫੋਨ ਕਰਕੇ ਅਤੇ ਪੋਸਟਾਂ ਰਾਹੀਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਰਹੇ ਕਿ ਆਖਿਰ ਇਹ ਆਵਾਜ਼ ਕਿੱਥੋਂ ਆਈ ਅਤੇ ਕੀ ਕੋਈ ਵੱਡੀ ਘਟਨਾ ਵਾਪਰੀ ਹੈ।
ਪੁਲਸ ਵੱਲੋਂ ਸਪੱਸ਼ਟੀਕਰਨ, ਘਬਰਾਉਣ ਦੀ ਲੋੜ ਨਹੀਂ
ਮਾਮਲੇ ਸਬੰਧੀ ਪੁਲਸ ਅਧਿਕਾਰੀਆਂ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਦੱਸਿਆ ਕਿ ਇਹ ਕੋਈ ਧਮਾਕਾ ਨਹੀਂ ਸੀ, ਸਗੋਂ ਫਾਈਟਰ ਜੈੱਟ ਵੱਲੋਂ ਬਣੀ ਸੋਨਿਕ ਬੂਮ (Sonic Boom) ਦੀ ਆਵਾਜ਼ ਸੀ। ਅਧਿਕਾਰੀਆਂ ਮੁਤਾਬਕ ਲਗਭਗ ਰਾਤ 9 ਵਜੇ ਦੇ ਕਰੀਬ ਸੁਪਰਸੋਨਿਕ ਫਾਈਟਰ ਜੈੱਟ ਅਸਮਾਨ ਵਿੱਚੋਂ ਗੁਜ਼ਰੇ ਸਨ।
ਹਵਾ ਦੇ ਦਬਾਓ ਨਾਲ ਬਣਦੀ ਹੈ ਅਜਿਹੀ ਗੂੰਜ
ਪੁਲਸ ਅਨੁਸਾਰ ਜਦੋਂ ਫਾਈਟਰ ਜੈੱਟ ਧੁਨੀ ਦੀ ਰਫ਼ਤਾਰ ਤੋਂ ਤੇਜ਼ ਉੱਡਦੇ ਹਨ, ਤਾਂ ਅਸਮਾਨ ਵਿੱਚ ਹਵਾ ਦਾ ਭਾਰੀ ਦਬਾਓ ਬਣਦਾ ਹੈ। ਇਸ ਕਾਰਨ ਧਮਾਕੇ ਵਰਗੀ ਉੱਚੀ ਆਵਾਜ਼ ਪੈਦਾ ਹੁੰਦੀ ਹੈ, ਜਿਸਨੂੰ ਸੋਨਿਕ ਬੂਮ ਕਿਹਾ ਜਾਂਦਾ ਹੈ। ਅਜਿਹੀ ਆਵਾਜ਼ ਕਈ ਵਾਰ ਦੂਰ–ਦੂਰ ਤੱਕ ਸੁਣਾਈ ਦੇ ਸਕਦੀ ਹੈ।
ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ
ਪ੍ਰਸ਼ਾਸਨ ਨੇ ਸਾਫ਼ ਕੀਤਾ ਹੈ ਕਿ ਇਸ ਘਟਨਾ ਨਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਨਾ ਹੀ ਕਿਸੇ ਇਲਾਕੇ ਵਿੱਚ ਕੋਈ ਵਿਸਫੋਟਕ ਸਮੱਗਰੀ ਮਿਲੀ ਹੈ।
ਪਿਛਲੀ ਘਟਨਾਵਾਂ ਕਾਰਨ ਲੋਕਾਂ ‘ਚ ਡਰ ਦਾ ਮਾਹੌਲ
ਹਾਲਾਂਕਿ ਲੋਕਾਂ ‘ਚ ਡਰ ਇਸ ਕਰਕੇ ਵੀ ਬਣਿਆ ਹੋਇਆ ਹੈ ਕਿਉਂਕਿ ਕੁਝ ਦਿਨ ਪਹਿਲਾਂ ਸਰਹੰਦ ਰੇਲਵੇ ਸਟੇਸ਼ਨ ਦੇ ਨੇੜੇ ਮਾਲ ਗੱਡੀ ਦੀ ਪਟੜੀ ‘ਤੇ ਹੋਏ ਧਮਾਕੇ ਦੀ ਘਟਨਾ ਹਾਲੇ ਲੋਕਾਂ ਦੇ ਮਨਾਂ ‘ਚ ਤਾਜ਼ਾ ਹੈ। ਇਸੇ ਕਾਰਨ ਅੱਧੀ ਰਾਤ ਦੀ ਆਵਾਜ਼ ਨੇ ਲੋਕਾਂ ਦੀ ਚਿੰਤਾ ਹੋਰ ਵਧਾ ਦਿੱਤੀ।
ਪ੍ਰਸ਼ਾਸਨ ਨੇ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ
ਪੁਲਸ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ‘ਤੇ ਧਿਆਨ ਨਾ ਦਿੱਤਾ ਜਾਵੇ ਅਤੇ ਸ਼ਾਂਤੀ ਬਣਾਈ ਰੱਖੀ ਜਾਵੇ। ਸਥਿਤੀ ਪੂਰੀ ਤਰ੍ਹਾਂ ਸਧਾਰਣ ਹੈ ਅਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ।

