ਨਵੀਂ ਦਿੱਲੀ :- ਕਮੋਡਿਟੀ ਬਾਜ਼ਾਰ ਵਿੱਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਚਾਂਦੀ ਦੀਆਂ ਕੀਮਤਾਂ ਨੇ ਕੁਝ ਹੀ ਮਿੰਟਾਂ ਵਿੱਚ ਇਤਿਹਾਸਕ ਉਤਾਰ–ਚੜ੍ਹਾਅ ਦਰਜ ਕੀਤਾ। ਦਿਨ ਦੌਰਾਨ ਰਿਕਾਰਡ ਉੱਚਾਈ ਛੂਹ ਰਹੀ ਚਾਂਦੀ ਅਚਾਨਕ ਅਸਮਾਨ ਤੋਂ ਜ਼ਮੀਨ ‘ਤੇ ਆ ਡਿੱਗੀ। MCX ‘ਤੇ ਚਾਂਦੀ ਦੀ ਕੀਮਤਾਂ ‘ਚ ਇਕੋ ਦਿਨ ਵਿੱਚ ਲਗਭਗ 65 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ।
ਰਿਕਾਰਡ ਬਣਾਉਂਦੀ ਚਾਂਦੀ ਨੇ ਅਚਾਨਕ ਤੋੜਿਆ ਦਮ
ਕਾਰੋਬਾਰ ਸ਼ੁਰੂ ਹੋਣ ਦੇ ਨਾਲ ਹੀ ਚਾਂਦੀ ਵਿੱਚ ਜ਼ਬਰਦਸਤ ਤੇਜ਼ੀ ਵੇਖਣ ਨੂੰ ਮਿਲੀ। ਮੰਗ ਇੰਨੀ ਜ਼ਿਆਦਾ ਸੀ ਕਿ ਕੀਮਤਾਂ ₹4.20 ਲੱਖ ਪ੍ਰਤੀ ਕਿਲੋਗ੍ਰਾਮ ਦੇ ਇਤਿਹਾਸਕ ਪੱਧਰ ਤੱਕ ਪਹੁੰਚ ਗਈਆਂ। ਨਿਵੇਸ਼ਕਾਂ ਨੂੰ ਲੱਗਣ ਲੱਗਾ ਸੀ ਕਿ ਚਾਂਦੀ ਨਵਾਂ ਰਿਕਾਰਡ ਕਾਇਮ ਕਰਨ ਜਾ ਰਹੀ ਹੈ।
ਇੱਕ ਘੰਟੇ ‘ਚ 4 ਲੱਖ ਤੋਂ 3.55 ਲੱਖ ‘ਤੇ ਆ ਗਈ ਚਾਂਦੀ
ਪਰ ਸ਼ਾਮ ਕਰੀਬ 8:30 ਵਜੇ ਬਾਜ਼ਾਰ ਦੀ ਤਸਵੀਰ ਅਚਾਨਕ ਬਦਲ ਗਈ। ਮੁਨਾਫਾ ਬੁਕਿੰਗ ਸ਼ੁਰੂ ਹੋਣ ਨਾਲ ਚਾਂਦੀ ਦੀਆਂ ਕੀਮਤਾਂ ਤੇਜ਼ੀ ਨਾਲ ਲੁੜਕਣ ਲੱਗ ਪਈਆਂ। ਸਿਰਫ਼ ਇੱਕ ਘੰਟੇ ਦੇ ਅੰਦਰ ਕੀਮਤ ₹4.20 ਲੱਖ ਤੋਂ ਘਟ ਕੇ ₹3.55 ਲੱਖ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ। ਕੁਝ ਪਲਾਂ ਲਈ ਬਾਜ਼ਾਰ ‘ਚ ਹੜਕੰਪ ਵਰਗੀ ਸਥਿਤੀ ਬਣ ਗਈ।
ਬਾਅਦ ‘ਚ ਸੰਭਲੀ ਮਾਰਕੀਟ, ਪਰ ਹਲਚਲ ਜਾਰੀ
ਤੇਜ਼ ਗਿਰਾਵਟ ਤੋਂ ਬਾਅਦ ਚਾਂਦੀ ਵਿੱਚ ਕੁਝ ਰਿਕਵਰੀ ਵੀ ਵੇਖੀ ਗਈ। ਖ਼ਬਰ ਲਿਖੇ ਜਾਣ ਤੱਕ MCX ‘ਤੇ ਚਾਂਦੀ ਲਗਭਗ ₹3.96 ਲੱਖ ਪ੍ਰਤੀ ਕਿਲੋਗ੍ਰਾਮ ਦੇ ਆਸ–ਪਾਸ ਵਪਾਰ ਕਰ ਰਹੀ ਸੀ, ਪਰ ਨਿਵੇਸ਼ਕਾਂ ਦਾ ਭਰੋਸਾ ਹਾਲੇ ਵੀ ਡੋਲਦਾ ਨਜ਼ਰ ਆ ਰਿਹਾ ਹੈ।
ਅਚਾਨਕ ਗਿਰਾਵਟ ਪਿੱਛੇ ਕੀ ਹਨ ਕਾਰਨ
ਬਾਜ਼ਾਰ ਵਿਸ਼ੇਸ਼ਗਿਆਨ ਅਨੁਸਾਰ ਚਾਂਦੀ ਦੀਆਂ ਕੀਮਤਾਂ ਵਿੱਚ ਆਈ ਇਹ ਤਿੱਖੀ ਕਮੀ ਮੁੱਖ ਤੌਰ ‘ਤੇ ਉੱਚ ਪੱਧਰਾਂ ‘ਤੇ ਭਾਰੀ ਵਿਕਰੀ ਕਾਰਨ ਹੋਈ। ਇਸ ਤੋਂ ਇਲਾਵਾ ਵਿਦੇਸ਼ੀ ਬਾਜ਼ਾਰਾਂ ਵਿੱਚ ਕੀਮਤੀ ਧਾਤਾਂ ਦੀ ਕੀਮਤਾਂ ‘ਚ ਆ ਰਹੀ ਅਸਥਿਰਤਾ ਨੇ ਭਾਰਤੀ ਕਮੋਡਿਟੀ ਮਾਰਕੀਟ ‘ਤੇ ਵੀ ਡੂੰਘਾ ਅਸਰ ਪਾਇਆ।
ਕੀ ਆਮ ਲੋਕਾਂ ਲਈ ਖਰੀਦ ਦਾ ਮੌਕਾ ਹੈ?
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਗਿਰਾਵਟ ਲੰਬੇ ਸਮੇਂ ਲਈ ਨਿਵੇਸ਼ ਕਰਨ ਵਾਲਿਆਂ ਲਈ ਮੌਕਾ ਸਾਬਤ ਹੋ ਸਕਦੀ ਹੈ। ਹਾਲਾਂਕਿ ਛੋਟੇ ਸਮੇਂ ਦੇ ਵਪਾਰੀਆਂ ਲਈ ਚਾਂਦੀ ਇਸ ਸਮੇਂ ਕਾਫ਼ੀ ਜੋਖ਼ਿਮ ਭਰੀ ਬਣੀ ਹੋਈ ਹੈ। ਆਉਣ ਵਾਲੇ ਦਿਨਾਂ ਵਿੱਚ ਕੀਮਤਾਂ ‘ਚ ਵੱਡਾ ਉਤਾਰ–ਚੜ੍ਹਾਅ ਬਣੇ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਨਿਵੇਸ਼ਕਾਂ ਨੂੰ ਸਾਵਧਾਨੀ ਦੀ ਸਲਾਹ
ਬਾਜ਼ਾਰ ਮਾਹਿਰਾਂ ਨੇ ਆਮ ਲੋਕਾਂ ਨੂੰ ਬਿਨਾਂ ਪੂਰੀ ਜਾਣਕਾਰੀ ਅਤੇ ਰਣਨੀਤੀ ਦੇ ਵੱਡੀ ਰਕਮ ਨਿਵੇਸ਼ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਅਨੁਸਾਰ ਮੌਜੂਦਾ ਹਾਲਾਤਾਂ ‘ਚ ਚਾਂਦੀ ਦੀ ਚਮਕ ਜਿੰਨੀ ਤੇਜ਼ ਹੈ, ਉਸਦਾ ਜੋਖ਼ਮ ਵੀ ਉਨਾ ਹੀ ਵੱਡਾ ਹੈ।

